ਐਸ.ਆਰ.ਆਈ ਤਕਨੀਕ – ਝੋਨੇ ਦੀ ਪੈਦਾਵਾਰ ਵਧਾਉਣ ਲਈ ਇੱਕ ਨਵੀ ਖੇਤੀ ਤਕਨੀਕ

ਝੋਨਾ-ਬਾਸਮਤੀ ਦੀ ਐਸ.ਆਰ.ਆਈ ਤਕਨੀਕ

ਐਸ.ਆਰ.ਆਈ. ਤਕਨੀਕ ਕੀ ਹੈ ?
ਐਸ.ਆਰ.ਆਈ ਜਿਸਨੂੰ ਝੋਨੇ ਦੀ ਪੈਦਾਵਾਰ ਵਿੱਚ ਵਾਧੇ ਦੀ ਤਕਨੀਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ , ਇੱਕ ਖੇਤੀ ਪਰਿਸਥਤਿਕ ਤਰੀਕਾ ਹੈ ਜੋ ਕਿ ਪੌਦਿਆਂ, ਪਾਣੀ, ਮਿੱਟੀ ਅਤੇ ਪੋਸ਼ਕ ਤੱਤਾਂ ਦੇ ਪ੍ਰਬੰਧਣ ਨੂੰ ਬਦਲਕੇ ਝੋਨੇ ਦੀ ਪੈਦਾਵਾਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਹ ਤਕਨੀਕ 20-40 ਪ੍ਰਤੀਸ਼ਤ ਤੱਕ ਪਾਣੀ ਬਚਾਉਂਦੀ ਹੈ।

ਐਸ.ਆਰ.ਆਈ. ਤਕਨੀਕ ਦੇ ਲਾਭ:
• ਘੱਟ ਬੀਜ (2 ਕਿੱਲੋ ਪ੍ਰਤੀ ਏਕੜ)

• ਘੱਟ ਖਾਦ (25-30 ਕਿੱਲੋ ਬੀਜ)

• ਕੋਈ ਨਦੀਨ-ਨਾਸ਼ਕ ਨਹੀਂ

• ਕੋਈ ਕੀਟ-ਨਾਸ਼ਕ ਨਹੀਂ

• 20-40 ਪ੍ਰਤੀਸ਼ਤ ਪਾਣੀ ਦੀ ਬੱਚਤ

• ਜਿਆਦਾ ਪੈਦਾਵਾਰ

ਐਸ.ਆਰ.ਆਈ. ਤਕਨੀਕ ਦੇ ਮੁੱਖ ਨੁਸਖੇ

• ਘੱਟ ਬੀਜ (2 ਕਿੱਲੋ ਪ੍ਰਤੀ ਏਕੜ)

• ਪਨੀਰੀ ਬੈੱਡਾਂ ‘ਤੇ

• ਰੋਪਣ ਦੇ ਲਈ ਛੋਟੀ ਉਮਰ ਦੀ ਪਨੀਰੀ (10-12 ਦਿਨ ਦੀ )

• ਪੌਦਿਆਂ ਵਿੱਚ ਇੱਕ ਸਮਾਨ ਅਤੇ ਜ਼ਿਆਦਾ ਦੂਰੀ (ਝੋਨੇ ਵਿੱਚ 10 X 10 ਇੰਚ, ਬਾਸਮਤੀ ਵਿੱਚ 8 X 8 ਇੰਚ)

• 3 ਗੋਡੀਆਂ

• ਪਾਣੀ ਗੋਡੀ ਕਰਦੇ ਸਮੇ ਜਾਂ ਲੋੜ ਅਨੁਸਾਰ

• ਖਾਦਾਂ ਇੱਕ ਜਾਂ ਦੋ ਵਾਰ ਪਾਉਣ ਦੀ ਬਜਾਏ ਥੋੜ੍ਹੇ ਅੰਤਰਾਲ ‘ਤੇ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ

ਐਸ.ਆਰ.ਆਈ. ਤਕਨੀਕ ਦਾ ਤਰੀਕਾ

ਬੀਜਾਂ ਦੀ ਚੋਣ ਅਤੇ ਸੋਧ

ਪੀ.ਏ.ਯੂ. ਦੁਆਰਾ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਦੀ ਹੀ ਵਰਤੋਂ ਕਰੋ । 10 ਲੀਟਰ ਪਾਣੀ ਵਿੱਚ ਹੌਲੀ-ਹੌਲੀ 2 ਕਿੱਲੋ ਨਮਕ ਘੋਲੋ ਅਤੇ ਉਸ ਵਿੱਚ ਇੱਕ ਆਂਡਾ ਜਾਂ ਆਲੂ ਪਾਣੀ ਵਿੱਚ ਪਾਓ। ਚੈੱਕ ਕਰਦੇ ਰਹੋ ਕਿ ਇਹ ਡੁੱਬਦਾ ਹੈ ਜਾਂ ਤੈਰਦਾ ਹੈ। ਜੇਕਰ ਇਹ ਡੁੱਬ ਜਾਂਦਾ ਹੈ ਤਾਂ ਪਾਣੀ ਵਿੱਚ ਨਮਕ ਪਾਉਣਾ ਬੰਦ ਕਰ ਦਿਓ। ਬਿਜਾਈ ਤੋਂ ਪਹਿਲਾ ਬੀਜਾਂ ਨੂੰ ਨਮਕ ਵਾਲੇ ਪਾਣੀ ਵਿੱਚ ਡੁਬੋ ਦਿਓ ਅਤੇ ਉਸ ਤੋਂ ਬਾਅਦ ਬੀਜਾਂ ਦਾ ਰਸਾਇਣਿਕ ਜਾਂ ਜੈਵਿਕ ਤਕਨੀਕ (ਜੈਵਿਕ ਦੇ ਲਈ ਜੀਵ ਅੰਮ੍ਰਿਤ ਦੀ ਵਰਤੋਂ ਕਰੋ) ਨਾਲ ਸੋਧ ਕਰੋ।

ਖੇਤ ਦੀ ਤਿਆਰੀ ਅਤੇ ਪਨੀਰੀ ਦੀ ਬਿਜਾਈ
ਸੋਧੇ ਹੋਏ ਬੀਜਾਂ ਨੂੰ ਪਰਾਲੀ ਜਾਂ ਬੋਰੀ ਨਾਲ ਢੱਕ ਕੇ ਅੰਕੁਰਿਤ ਕਰੋ। 8 x 3 ਫੁੱਟ ਅਤੇ 6-7 ਇੰਚ ਉੱਚੇ ਬੈੱਡ ਤਿਆਰ ਕਰੋ। ਇੱਕ ਏਕੜ ਦੇ ਲਈ 5 ਬੈੱਡ ਬਣਾਓ। 2 ਬੈੱਡਾਂ ਦੇ ਲਈ 1 ਫੁੱਟ ਚੌੜੀ ਖਾਲੀ ਬਣਾਓ। ਬੈੱਡ ‘ਤੇ ਪਰਾਲੀ, ਬੋਰੀ ਜਾਂ ਪਲਾਸਟਿਕ ਸ਼ੀਟ ਵਿਛਾ ਦਿਓ, ਜਿਸਦੇ ਉੱਪਰ 1 ਇੰਚ ਮਿੱਟੀ, ਜਿਸ ਵਿੱਚ ਗਲੀ ਸੜੀ ਰੂੜੀ ਖਾਦ/ ਵਰਮੀ ਕੰਪੋਸਟ/ ਜੀਵ ਅੰਮ੍ਰਿਤ ਪਾਇਆ ਗਿਆ ਹੋਵੇ। ਪੁੰਗਰੇ ਹੋਏ ਬੀਜ ਇਸ ਪਰਤ ‘ਤੇ ਖਿਲਾਰ ਦਿਓ ਅਤੇ ਹੱਥ ਨਾਲ ਮਿਲਾ ਦਿਓ। ਇਸ ਤੋਂ ਬਾਅਦ ਬੈੱਡ ਨੂੰ ਪਰਾਲੀ/ਬੋਰੀ/ਪਲਾਸਟਿਕ ਸ਼ੀਟ ਨਾਲ ਢੱਕ ਦਿਓ ਅਤੇ ਉੱਪਰ ਪਾਣੀ ਛਿੜਕ ਦਿਓ। 2-3 ਦਿਨ ਲਗਾਤਾਰ ਇਸ ਤਰਾਂ ਪਾਣੀ ਦਿੰਦੇ ਰਹੋ । ਤੀਜੇ ਦਿਨ ਬੈੱਡਾਂ ਦੇ ਵਿੱਚਕਾਰਲੀਆਂ ਖਾਲੀਆਂ ਵਿੱਚ ਪਾਣੀ ਛੱਡ ਦਿਓ (ਪਾਣੀ ਬੈੱਡ ਦੇ ਉੱਪਰ ਨਹੀਂ ਆਉਣਾ ਚਾਹੀਦਾ)।

ਪਨੀਰੀ ਦਾ ਰੋਪਣ

ਰੋਪਣ ਤੋਂ ਪਹਿਲਾਂ ਮਿੱਟੀ ਨੂੰ ਭੁਰਭੁਰਾ ਕਰ ਲਓ। ਰੋਪਣ ਤੋਂ ਇੱਕ ਦਿਨ ਪਹਿਲਾਂ ਖੇਤ ਵਿੱਚੋਂ ਜਿਆਦਾ ਪਾਣੀ ਕੱਢ ਦਿਓ। ਬਾਸਮਤੀ ਕਿਸਮਾਂ ਦੇ ਲਈ 10 x 10 ਇੰਚ ਦੇ ਫਾਸਲੇ ‘ਤੇ ਪਨੀਰੀ ਰੋਪਣ ਕਰਨੀ ਚਾਹੀਦੀ ਹੈ। ( ਬਾਸਮਤੀ ਕਿਸਮਾਂ ਦੇ ਲਈ 8 x 8 ਇੰਚ ਫਾਸਲਾ ਰੱਖੋ)। ਰੋਪਣ ਤੋਂ ਬਾਅਦ ਪੌਦਿਆਂ ਨੂੰ ਪਾਣੀ ਨਹੀਂ ਲਗਾਉਣਾ ਚਾਹੀਦਾ, ਜੇਕਰ ਲੋੜ ਪਵੇ ਤਾਂ ਰੋਪਣ ਤੋਂ 2-3 ਦਿਨ ਬਾਅਦ ਹਲਕੀ ਸਿੰਚਾਈ ਕਰੋ।

ਖਾਦਾਂ, ਸਿੰਚਾਈ ਅਤੇ ਨਦੀਨਾਂ ਦੀ ਰੋਕਥਾਮ

ਰੋਪਣ ਦੇ 2-3 ਦਿਨ ਬਾਅਦ ਖੇਤ ਵਿੱਚ 10 ਕਿੱਲੋ ਯੂਰੀਆ ਪਾਓ। ਰੋਪਣ ਦੇ 10 ਦਿਨ ਬਾਅਦ ਖੇਤ ਨੂੰ ਇੰਨਾ ਪਾਣੀ ਲਗਾਓ ਕਿ ਖੇਤ ਵਿੱਚ ਇੱਕ ਇੰਚ ਪਾਣੀ ਖੜਾ ਹੋ ਜਾਵੇ। ਖੜੇ ਪਾਣੀ ਵਿੱਚ ਦੋਨਾਂ ਪਾਸੇ ਗੋਡੀ ਕਰੋ। ਪਾਣੀ ਸੁੱਕਣ ਤੋਂ ਬਾਅਦ ਯੂਰੀਆ ਦੀ ਦੂਜੀ ਮਾਤਰਾ 10 ਕਿੱਲੋ ਪਾਓ। 10 ਦਿਨਾਂ ਦੇ ਬਾਅਦ (ਰੋਪਣ ਤੋਂ 20 ਦਿਨ ਬਾਅਦ) ਦੋਬਾਰਾ ਪਾਣੀ ਦਿਓ ਅਤੇ ਖਾਦਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਪਾਓ। ਤੀਜੀ ਸਿੰਚਾਈ 10 ਦਿਨਾਂ ਤੋਂ ਬਾਅਦ ਕਰਨੀ ਚਾਹੀਦੀ ਹੈ (ਰੋਪਣ ਤੋਂ 30 ਦਿਨ ਬਾਅਦ) ਅਤੇ ਆਖਰੀ ਗੋਡੀ ਕਰਨੀ ਚਾਹੀਦੀ ਹੈ। ਬੱਲੀਆਂ ਨਿਕਲਣ ਦੇ ਸਮੇਂ ਪੋਟਾਸ਼ 1 ਕਿੱਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ