ਪੰਜਾਬ ਵਿੱਚ ਜਾਮੁਨ ਦੀ ਖੇਤੀ

ਆਮ ਜਾਣਕਾਰੀ

ਜਾਮੁਨ ਨੂੰ ਭਾਰਤ ਦੀ ਦੇਸੀ ਫਸਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਰੁੱਖ ਦੇ ਫਲ ਖਾਣ ਲਈ ਅਤੇ ਇਸਦੇ ਬੀਜ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਜਾਮੁਨ ਤੋਂ ਤਿਆਰ ਦਵਾਈਆਂ ਡਾਇਬਟੀਜ਼ ਅਤੇ ਵੱਧਦੇ ਬਲੱਡ ਸ਼ੂਗਰ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਹ ਇੱਕ ਸਦਾਬਹਾਰ ਰੁੱਖ ਹੈ, ਜਿਸਦੀ ਔਸਤਨ ਉੱਚਾਈ 30 ਮੀ. ਹੁੰਦੀ ਹੈ ਇਸਦਾ ਸੱਕ ਭੂਰੇ ਜਾਂ ਸਲੇਟੀ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਨਰਮ ਹੁੰਦੇ ਹਨ, ਜੋ ਕਿ 10-15 ਸੈ.ਮੀ. ਲੰਬੇ ਅਤੇ 4-6 ਸੈ.ਮੀ. ਚੌੜੇ ਹੁੰਦੇ ਹਨ। ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 5 ਮਿ.ਮੀ. ਹੁੰਦਾ ਹੈ ਅਤੇ ਇਸਦੇ ਫਲ ਹਰੇ ਰੰਗ ਦੇ ਹੁੰਦੇ ਹਨ ਜੋ ਕਿ ਪੱਕਣ ਤੋਂ ਬਾਅਦ ਸੂਹੇ ਕਾਲੇ ਰੰਗ ਦੇ ਹੋ ਜਾਂਦੇ ਹਨ। ਇਸ ਦੇ ਫਲ ਦੇ ਬੀਜ 1-1.5 ਸੈ.ਮੀ ਲੰਬੇ ਹੁੰਦੇ ਹਨ। ਅਫਗਾਨਿਸਤਾਨ, ਮਿਆਂਮਾਰ, ਫਿਲੀਪਾਈਨਸ, ਪਾਕਿਸਤਾਨ, ਇੰਡੋਨੇਸ਼ੀਆ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਜਾਮੁਨ ਦੇ ਰੁੱਖ ਲਗਾਏ ਜਾ ਸਕਦੇ ਹਨ। ਮਹਾਂਰਾਸ਼ਟਰ, ਤਾਮਿਲਨਾਡੂ,  ਗੁਜਰਾਤ, ਅਸਾਮ ਅਤੇ ਰਾਜਸਥਾਨ ਭਾਰਤ ਦੇ ਮੁੱਖ ਜਾਮੁਨ ਉਗਾਉਣ ਵਾਲੇ ਖੇਤਰ ਹਨ।

ਮਿੱਟੀ

ਇਸਦੇ ਸਖਤਪਨ ਕਾਰਨ ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਸ ਨੂੰ ਚੂਨੇ ਵਾਲੀ, ਹਲਕੀ, ਲੂਣੀ, ਚੂਨੇ ਵਾਲੀ ਅਤੇ ਦਲਦਲੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਹ ਪਾਣੀ ਦੇ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ। ਇਹ ਚੰਗੇ ਨਿਕਾਸ ਵਾਲੀ ਉਪਜਾਊ, ਸੰਘਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਭਾਰੀ ਅਤੇ ਰੇਤਲੀ ਮਿੱਟੀ 'ਚ ਇਸ ਦੀ ਖੇਤੀ ਨਾ ਕਰੋ।

ਪ੍ਰਸਿੱਧ ਕਿਸਮਾਂ ਅਤੇ ਝਾੜ

Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ 'ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਫਲ ਮੁੱਖ ਤੌਰ 'ਤੇ ਜੂਨ-ਜੁਲਾਈ 'ਚ ਪੱਕਦੇ ਹਨ। ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Badama: ਇਸ ਕਿਸਮ ਦੇ ਫਲ ਆਕਾਰ 'ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ।

Kaatha: ਇਸ ਕਿਸਮ ਦੇ ਫਲ ਆਕਾਰ 'ਚ ਛੋਟੇ ਅਤੇ ਖੱਟੇ ਹੁੰਦੇ ਹਨ।

Jathi: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ।

Ashada: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ।

Bhado: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ।

Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ।

ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ।

Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ।

Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ।

Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ।

Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ।

CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ। ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ।

CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ।

ਖੇਤ ਦੀ ਤਿਆਰੀ

ਜਾਮੁਨ ਦੀ ਬਿਜਾਈ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਸਹੀ ਪੱਧਰ 'ਤੇ ਲੈ ਕਿ ਆਉਣ ਲਈ ਇੱਕ ਵਾਰ ਖੇਤ ਨੂੰ ਵਾਹੋ। ਫਿਰ ਟੋਏ ਪੁੱਟੋ ਅਤੇ ਰੂੜੀ ਦੀ ਖਾਦ 3:1 ਦੇ ਅਨੁਪਾਤ ਨਾਲ ਟੋਇਆਂ ਨੂੰ ਭਰ ਦਿਓ। ਪਨੀਰੀ ਵਾਲੇ ਪੌਦੇ ਤਿਆਰ ਕੀਤੇ ਬੈੱਡਾਂ 'ਤੇ ਬੀਜੋ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ। ਬਸੰਤ ਰੁੱਤ 'ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ 'ਚ ਕੀਤੀ ਜਾਂਦੀ ਹੈ।

ਫਾਸਲਾ
ਪਨੀਰੀ ਵਾਲੇ ਪੌਦਿਆਂ ਲਈ ਦੋਹਾਂ ਪਾਸਿਓ 10 ਮੀਟਰ ਦੇ ਫਾਸਲੇ ਅਤੇ ਬੀਜਾਂ ਲਈ ਦੋਹਾਂ ਪਾਸਿਓ 8 ਮੀਟਰ ਦੇ ਫਾਸਲੇ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਬੀਜ ਦੀ ਡੂੰਘਾਈ
ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ।

ਬਿਜਾਈ ਦਾ ਢੰਗ
ਬੀਜਾਂ ਨੂੰ ਸਿੱਧੇ ਹੀ ਬੀਜਿਆ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਟੋਏ ਲਈ ਇੱਕ ਬੀਜ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬੀਜਾਂ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬਵਿਸਟਨ ਨਾਲ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬੀਜਾਂ ਨੂੰ ਹਵਾ ਵਿੱਚ ਸਕਾਓ ਅਤੇ ਬੀਜ ਦਿਓ।

ਪ੍ਰਜਣਨ

ਇਸਦੇ ਪੌਦੇ ਆਮ ਤੌਰ 'ਤੇ ਕਲਮ ਜਾਂ ਬੀਜਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਜਾਮੁਨ ਦੇ ਬੀਜਾਂ ਨੂੰ ਤਿਆਰ ਕੀਤੇ ਹੋਏ ਬੈਡਾਂ 'ਤੇ 4-5 ਸੈ.ਮੀ. ਡੂੰਘਾ ਬੀਜੋ। ਬਿਜਾਈ ਤੋਂ ਬਾਅਦ ਬੈੱਡਾਂ ਵਿੱਚ ਨਮੀ ਬਰਕਰਾਰ ਰੱਖਣ ਲਈ ਪਤਲੇ ਕੱਪੜੇ ਨਾਲ ਢੱਕ ਦਿਓ। ਵਿਸ਼ਾਣੂਆਂ ਦੇ ਹਮਲੇ ਤੋਂ ਬਚਾਉਣ ਲਈ ਬੀਜਾਂ ਨੂੰ ਬਵਿਸਟਨ ਨਾਲ ਸੋਧੋ। ਬਿਜਾਈ ਦੇ 10-15 ਦਿਨਾਂ ਵਿੱਚ ਪੌਦਾ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ।

ਰੋਪਣ ਆਮ ਤੌਰ 'ਤੇ ਅਗਲੇ ਮਾਨਸੂਨ ਵਿੱਚ ਕੀਤਾ ਜਾਂਦਾ ਹੈ, ਜਦੋਂ ਨਵੇਂ ਪੌਦੇ ਦੇ 3-4 ਪੱਤੇ ਨਿਕਲ ਆਉਂਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਰੁੱਖ ਸਲਾਨਾ)

UREA SSP or MOP ZINC
1 1.5 0.5 -

 

ਤੱਤ(ਕਿਲੋ ਪ੍ਰਤੀ ਰੁੱਖ ਸਲਾਨਾ)

NITROGEN PHOSPHORUS POTASH
500 600 300

 

ਚੰਗੀ ਤਰਾਂ ਗਲੀ-ਸੜੀ ਹੋਈ 20-25 ਕਿਲੋ ਰੂੜੀ ਦੀ ਖਾਦ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ। ਜਦੋਂ ਪੌਦੇ ਫਲ ਦੇਣ ਦੀ ਸਥਿਤੀ ਵਿੱਚ ਪਹੁੰਚ ਜਾਣ ਤਾਂ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 50-60 ਕਿਲੋ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ। ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਰੁੱਖ ਨੂੰ ਨਾਈਟ੍ਰੋਜਨ 500 ਗ੍ਰਾਮ, ਪੋਟਾਸ਼ੀਅਮ 600 ਗ੍ਰਾਮ ਅਤੇ ਫਾਸਫੋਰਸ 300 ਗ੍ਰਾਮ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਪੌਦੇ ਦੇ ਆਧਾਰ 'ਤੇ ਹੱਥੀਂ ਗੋਡੀ ਕਰੋ ਅਤੇ ਖੇਤ ਨੂੰ ਨਦੀਨ-ਮੁਕਤ ਰੱਖੋ। ਜੇਕਰ ਨਦੀਨਾਂ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਫਸਲ ਦੇ ਵਾਧੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮਿੱਟੀ ਦਾ ਤਾਪਮਾਨ ਘੱਟ ਕਰਨ ਦੇ ਨਾਲ-ਨਾਲ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵੀ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।

ਸਿੰਚਾਈ

ਇਸ ਪੌਦੇ ਨੂੰ ਨਿਯਮਿਤ ਸਮੇਂ ਦੇ ਫਾਸਲੇ 'ਤੇ ਲਗਾਤਾਰ ਸਿੰਚਾਈ ਦੀ ਲੋੜ ਹੁੰਦੀ ਹੈ। ਖਾਦ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ। ਛੋਟੇ ਪੌਦਿਆਂ ਲਈ 6-8 ਅਤੇ ਵਿਕਸਿਤ ਪੌਦਿਆਂ ਲਈ 5-6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਲਗਾਤਾਰ ਸਿੰਚਾਈ ਦੇ ਨਾਲ-ਨਾਲ ਸਤੰਬਰ-ਅਕਤੂਬਰ ਮਹੀਨੇ 'ਚ ਕਲੀ ਦੇ ਵਧੀਆ ਵਿਕਾਸ ਲਈ ਅਤੇ ਮਈ-ਜੂਨ ਵਿੱਚ ਫਲ ਦੇ ਵਧੀਆ ਵਿਕਾਸ ਲਈ ਇੱਕ-ਇੱਕ ਸਿੰਚਾਈ ਕਰੋ। ਜੇਕਰ ਜ਼ਿਆਦਾ ਸਮੇਂ ਲਈ ਸੋਕਾ ਪਵੇ ਤਾਂ ਜੀਵਨ-ਬਚਾਊ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਪੱਤੇ ਖਾਣ ਵਾਲੀ ਸੁੰਡੀ
  • ਕੀੜੇ-ਮਕੌੜੇ ਤੇ ਰੋਕਥਾਮ

ਪੱਤੇ ਖਾਣ ਵਾਲੀ ਸੁੰਡੀ: ਇਹ ਸੁੰਡੀ ਤਾਜ਼ੇ ਪੱਤਿਆਂ ਨੂੰ ਖਾ ਕੇ ਫਸਲ ਨੂੰ ਨੁਕਸਾਨ ਕਰਦੀ ਹੈ।

ਇਸਦੀ ਰੋਕਥਾਮ ਲਈ ਫਲੂਬੈਂਡੀਆਮਾਈਡ 20 ਮਿ.ਲੀ. ਜਾਂ ਕੁਇਨਲਫੋਸ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
 

ਜਾਮੁਨ ਦੇ ਪੱਤਿਆਂ ਦੀ ਸੁੰਡੀ

ਜਾਮੁਨ ਦੇ ਪੱਤਿਆਂ ਦੀ ਸੁੰਡੀ: ਇਹ ਸੁੰਡੀ ਪੱਤਿਆਂ ਨੂੰ ਖਾਂਦੀ ਹੈ।

ਇਸਦੀ ਰੋਕਥਾਮ ਲਈ ਡਾਈਮੈਥੋਏਟ 30 ਈ ਸੀ 1.2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।
 

ਸੱਕ ਖਾਣ ਵਾਲੀ ਸੁੰਡੀ

ਸੱਕ ਖਾਣ ਵਾਲੀ ਸੁੰਡੀ: ਇਹ ਸੁੰਡੀ ਟਿਸ਼ੂ ਦੇ ਸੱਕ ਨੂੰ ਖਾਂਦੀ ਹੈ।

ਸੱਕ ਖਾਣ ਵਾਲੀ ਸੁੰਡੀ ਦੀ ਰੋਕਥਾਮ ਲਈ ਰੋਗੋਰ 30 ਈ ਸੀ ਜਾਂ ਮੈਲਾਥਿਆਨ 50 ਈ ਸੀ 3 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਫੁੱਲ ਬਣਨ ਸਮੇਂ ਸਪਰੇਅ ਕਰੋ।

ਜਾਮੁਨ ਦੀ ਪੱਤਾ ਲਪੇਟ ਸੁੰਡੀ

ਜਾਮੁਨ ਦੀ ਪੱਤਾ ਲਪੇਟ ਸੁੰਡੀ: ਇਹ ਜਾਮੁਨ ਦੇ ਪੱਤਿਆਂ ਨੂੰ ਲਪੇਟ ਦਿੰਦੀ ਹੈ ਅਤੇ ਫਸਲ ਦਾ ਨੁਕਸਾਨ ਕਰਦੀ ਹੈ।

ਇਸਦੀ ਰੋਕਥਾਮ ਲਈ ਕਲੋਰਪਾਇਰੀਫੋਸ 20 ਈ ਸੀ ਜਾਂ ਇੰਡੋਸਲਫਾਨ 35 ਈ ਸੀ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਪੱਤੇ ਅਤੇ ਫੁੱਲ ਖਾਣੀ ਸੁੰਡੀ

ਪੱਤੇ ਅਤੇ ਫੁੱਲ ਖਾਣੀ ਸੁੰਡੀ: ਇਹ ਕੀੜਾ ਪੱਤੇ ਅਤੇ ਕਲੀਆਂ ਨੂੰ ਖਾ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਸਦੀ ਰੋਕਥਾਮ ਲਈ ਕਲੋਰਪਾਇਰੀਫੋਸ 20 ਈ ਸੀ ਜਾਂ ਇੰਡੋਸਲਫਾਨ 35 ਈ ਸੀ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਐਂਥਰਾਕਨੋਸ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਐਂਥਰਾਕਨੋਸ: ਇਸ ਬਿਮਾਰੀ ਨਾਲ ਫਲਾਂ ਤੇ ਧੱਬੇ ਪੈਣਾ, ਪੱਤੇ ਝੜ ਜਾਣਾ ਅਤੇ ਟਾਹਣੀਆਂ ਦਾ ਸੁੱਕਣਾ ਆਦਿ ਸਮੱਸਿਆਵਾਂ ਆਉਂਦੀਆਂ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਫੁੱਲ ਅਤੇ ਫਲਾਂ ਦਾ ਡਿੱਗਣਾ

ਫੁੱਲ ਅਤੇ ਫਲਾਂ ਦਾ ਡਿੱਗਣਾ: ਇਸ ਬੀਮਾਰੀ ਨਾਲ ਫਲ ਅਤੇ ਫੁੱਲ ਪੱਕਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ ਜਿਸ ਕਾਰਨ ਝਾੜ ਬਹੁਤ ਘੱਟ ਜਾਂਦਾ ਹੈ।

ਇਸਦੀ ਰੋਕਥਾਮ ਲਈ ਜਿਬਰੈਲਿਕ ਐਸਿਡ 3 ਦੀ ਦੋ ਵਾਰ ਸਪਰੇਅ ਕਰੋ, ਪਹਿਲੀ ਫੁੱਲ ਨਿਕਲਣ ਤੇ ਅਤੇ ਦੂਜੀ ਫਲਾਂ ਦੇ ਗੁੱਛੇ ਬਣਨ ਤੋਂ 15 ਦਿਨ ਬਾਅਦ।

ਫਸਲ ਦੀ ਕਟਾਈ

ਤੁੜਾਈ ਫਲ ਪੱਕਣ ਤੋਂ ਬਾਅਦ ਮੁੱਖ ਤੌਰ 'ਤੇ ਰੋਜ਼ ਕੀਤੀ ਜਾਂਦੀ ਹੈ। ਇਸਦੀ ਤੁੜਾਈ ਆਮ ਤੌਰ 'ਤੇ ਰੁੱਖ 'ਤੇ ਚੜ੍ਹ ਕੇ ਕੀਤੀ ਜਾਂਦੀ ਹੈ। ਤੁੜਾਈ ਲਈ ਕਾਲੇ-ਜਾਮੁਨੀ ਰੰਗ ਦੇ ਫਲ ਚੁਣੇ ਜਾਂਦੇ ਹਨ। ਤੁੜਾਈ ਸਮੇਂ ਧਿਆਨ ਰੱਖੋ ਕਿ ਫਲਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਕਟਾਈ ਤੋਂ ਬਾਅਦ

ਕਟਾਈ ਦੇ ਬਾਅਦ ਫਲਾਂ ਨੂੰ ਛਾਂਟਿਆ ਜਾਂਦਾ ਹੈ। ਫਿਰ ਫਲਾਂ ਨੂੰ ਬਾਂਸ ਦੀਆਂ ਟੋਕਰੀਆਂ ਜਾਂ ਕਰੇਟਾਂ ਜਾਂ ਲੱਕੜੀ ਦੇ ਬਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ। ਜਾਮੁਨਾਂ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਇਨ੍ਹਾਂ ਨੂੰ ਘੱਟ ਤਾਪਮਾਨ 'ਤੇ ਰੱਖਿਆ ਜਾਂਦਾ ਹੈ। ਫਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਪੈਕਿੰਗ ਕਰੋ ਅਤੇ ਛੇਤੀ ਸਹੀ ਸਥਾਨ 'ਤੇ ਲੈ ਜਾਓ। ਜਾਮੁਨਾਂ ਦੇ ਫਲਾਂ ਤੋਂ ਸਿਰਕਾ, ਕੈਪਸੂਲ, ਬੀਜਾਂ ਦਾ ਪਾਊਡਰ, ਜੈਮ, ਜੈਲੀ ਅਤੇ ਸਕਵੈਸ਼ ਆਦਿ ਉਤਪਾਦ ਤਿਆਰ ਕੀਤੇ ਜਾਂਦੇ ਹਨ।