ਪੀ.ਏ.ਯੂ. ਮਗਜ ਕੱਦੂ-1: ਭਾਰਤ ਦੀ ਛਿਲਕਾ ਰਹਿਤ ਬੀਜ ਵਾਲੀ ਪਹਿਲੀ ਕਿਸਮ

ਹਲਵਾ ਕੱਦੂ ਜ਼ਿਆਦਾ ਝਾੜ, ਖੁਰਾਕੀ ਤੱਤਾਂ ਨਾਲ ਭਰਪੂਰ ਅਤੇ ਲੰਬੇ ਸਮੇ ਤੱਕ ਉਪਲਬਧਤਾ ਕਾਰਨ ਸਬਜ਼ੀਆਂ ਵਿਚ ਖਾਸ ਸਥਾਨ ਰੱਖਦਾ ਹੈ। ਇਸਦੇ ਕੱਚੇ ਜਾ ਪੱਕੇ ਫ਼ਲ ਵੱਖ ਵੱਖ ਵੰਨਗੀਆਂ ਦੇ ਤੌਰ ਤੇ ਖਾਣ ਲਈ ਵਰਤੇ ਜਾਂਦੇ ਹਨ। ਇਸਦਾ ਬੀਜ ਖਾਣ ਵਿਚ ਸੁਆਦਲਾ ਹੁੰਦਾ ਹੈ ਅਤੇ ਤੇਲ ਖਾਣ ਦੇ ਤੌਰ ਤੇ ਵਰਤਿਆ ਜਾਂਦਾ ਹੈ। ਹਲਵਾ ਕੱਦੂ ਦਾ ਬੀਜ ਉਮੇਗਾ ਫੈਟੀ ਐਸਿਡ ਭਰਪੂਰ ਹੁੰਦਾ ਹੈ। ਭਾਰਤ ਵਿਚ ਮਗਜ ਤਿਆਰ ਕਰਨ ਲਈ ਖਰਬੂਜਾ, ਤਰ, ਖੀਰਾ ਅਤੇ ਤਰਬੂਜ ਦੇ ਬੀਜਾਂ ਦਾ ਛਿਲਕਾ ਉਤਾਰਿਆ ਜਾਂਦਾ ਹੈ। ਜਿਸ ਵਾਸਤੇ ਕਾਫੀ ਮੇਹਨਤ ਕਰਨੀ ਪੈਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਹਲਵਾ ਕੱਦੂ ਦੀ ਨਵੇਕਲੀ ਕਿਸਮ ਵਿਕਸਿਤ ਕੀਤੀ ਗਈ ਗਈ ਜਿਸਦੇ ਬੀਜ ਦੀ ਗਿਰੀ ਉਪਰਲਾ ਛਿਲਕਾ ਨਹੀਂ ਬਣਦਾ ਅਤੇ ਸਿਧ ਮਗਜ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸਨੂੰ ਪੀ.ਏ.ਯੂ. ਮਗਜ ਕੱਦੂ-1 ਨਾਮ ਦਿੱਤਾ ਗਿਆ ਹੈ।

ਬੀਜ ਦੀਆਂ ਮੁਖ ਵਿਸ਼ੇਸ਼ਤਾਵਾਂ:-

ਪੀ.ਏ.ਯੂ. ਮਗਜ ਕੱਦੂ-1 :- ਇਹ ਕੱਦੂ ਦੀ ਛਿਲਕਾ ਰਹਿਤ ਕਿਸਮ ਹੈ ਜਿਸਦਾ ਬੀਜ ਸਿਧ ਮਗਜ ਦੇ ਤੌਰ ਤੇ ਖਾਧਾ ਜਾ ਸਕਦਾ ਹੈ। ਇਸਦੇ ਬੂਟੇ ਝਾੜੀਦਾਰ ਅਤੇ ਪੱਕੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਫਲਾਂ ਦਾ ਆਕਾਰ ਦਰਮਿਆਨਾ, ਗੋਲ ਅਤੇ ਪੱਕਣ ਉਪਰੰਤ ਰੰਗ ਪੀਲਾ-ਸੰਤਰੀ ਹੁੰਦਾ ਹੈ। ਪੱਕੇ ਹੋਏ ਬੀਜਾਂ ਦਾ ਆਕਾਰ ਦਰਮਿਆਨਾ ਅਤੇ ਪੀਲਾ ਹਰਾ ਹੁੰਦਾ ਹੈ। ਇਹ ਇੱਕ ਛੇਤੀ ਪੱਕਣ ਵਾਲੀ ਕਿਸਮ ਹੈ ਜਿਸਦਾ ਔਸਤਨ ਝਾੜ 2 .9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਕਾਸ਼ਤ ਦੇ ਢੰਗ:- ਗਰਮ ਮੌਸਮ ਦੌਰਾਨ ਕਾਸ਼ਤ ਕੀਤੀ ਜਾਣ ਵਾਲੀ ਇਹ ਕਿਸਮ ਮੈਰ੍ਹਾ ਜ਼ਮੀਨਾਂ ਵਿਚ ਚੰਗੀ ਪ੍ਰਫੁੱਲਤ ਹੁੰਦੀ ਹੈ। ਇੱਕ ਏਕੜ ਦੇ ਵਾਸਤੇ 1.5 ਕਿੱਲੋ ਬੀਜ 1.35 ਮੀ ਚੌੜੀਆਂ ਵੱਟਾਂ ਉਪਰ ਦੋਵੇ ਪਾਸੇ 45 cm ਦੀ ਵਿਥ ਤੇ ਲਗਾਉਣੇ ਚਾਹੀਦੇ ਹਨ।

ਖਾਦਾਂ ਅਤੇ ਪਾਣੀ :- ਖੇਤ ਵਿਚ ਬੀਜ ਲਗਾਉਣ ਦੇ ਉਪਰੰਤ ਹਲਕਾ ਪਾਣੀ ਲਗਾਉ। ਜਮੀਨ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ 6-7 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਖੇਤ ਨੂੰ ਤਿਆਰ ਕਾਰਨ ਵੇਲੇ 15 ਟਨ ਗਲੀ ਸੜੀ ਰੂੜੀ ਖੇਤ ਵਿਚ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਇਲਾਵਾ 90 ਕਿੱਲੋ ਯੂਰੀਆ ,125 ਕਿੱਲੋ ਸਿੰਗਲ ਸੁਪਰ ਫਾਸਫੇਟ ਅਤੇ 25 ਕਿੱਲੋ ਪੋਟਾਸ਼ ਪ੍ਰਤੀ ਏਕੜ ਪਾਇਆ ਜਾਂਦਾ ਹੈ।ਬਿਜਾਈ ਵੇਲੇ ਯੂਰੀਆ ਦਾ ਤੀਜਾ ਹਿੱਸਾ ਅਤੇ ਬਾਕੀ ਖਾਦਾਂ ਦੀ ਪੂਰੀ ਮਾਤਰਾ ਪਾਓ। ਬਾਕੀ ਯੂਰੀਆ 30-40 ਦਿਨਾਂ ਵਿਚ ਦੋ ਵਾਰ ਖਾਲੀਆਂ ਵਿਚ ਪਾਉ।

ਤੁੜਾਈ :- ਫ਼ਲ ਸ਼ੁਰੂ ਹੋਣ ਤੋਂ 45-50 ਦਿਨਾਂ ਬਾਅਦ ਪੀਲੇ ਸੰਤਰੀ ਰੰਗ ਵਿਚ ਤਬਦੀਲ ਹੋ ਜਾਂਦਾ ਹੈ ਅਤੇ ਇਸਦਾ ਛਿਲਕਾ ਸ਼ਖਤ ਹੋ ਜਾਂਦਾ ਹੈ। ਇਸ ਵਕਤ ਫਲਾਂ ਦੀ ਤੁੜਾਈ ਸ਼ੁਰੂ ਹੋ ਜਾਂਦੀ ਹੈ। ਫਲਾਂ ਨੂੰ ਤੋੜਨ ਤੋਂ ਬਾਅਦ 10-15 ਦਿਨ ਛਾਂ ਵਿਚ ਰੱਖ ਲੈਣਾ ਚਾਹੀਦਾ ਹੈ। ਉਪਰੰਤ ਬੀਜ ਕੱਢ ਕੇ ਪਾਣੀ ਨਾਲ ਧੋ ਲਉ ਅਤੇ ਛਾਂ ਵਿਚ ਚੰਗੀ ਤਰ੍ਹਾਂ ਸੁਕਾਉ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ