ਅਨਾਜ ਮੰਡੀ ਵਿੱਚ ਨਰਮੇਂ ਦੇ ਭਾਅ ਅਤੇ ਖ਼ਰੀਦ ਪ੍ਰਬੰਧਾਂ ਸਬੰਧੀ ਕਿਸਾਨਾਂ ਨੇ ਸੀਸੀਆਈ ਅਧਿਕਾਰੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਬਾਅਦ ਕੋਟਨ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਦਾ ਕੋਈ ਅਧਿਕਾਰੀ ਨਰਮੇ ਦੀ ਖ਼ਰੀਦਲਈ ਮੰਡੀ ਵਿੱਚ ਆਉਂਦਾ, ਇਸ ਤੋਂ ਪਹਿਲਾਂ ਹੀ ਨਿੱਜੀ ਕੰਪਨੀਆਂ ਤੇ ਵੱਡੇ ਵਪਾਰੀਆਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦਾ ਮੰਡੀ ’ਚ ਹੜ੍ਹ ਆਇਆ ਤੇ ਇਕ ਦਿਨ ਵਿੱਚ ਮੰਡੀ ’ਚੋਂ ਸਾਰੀਆਂ ਢੇਰੀਆਂ ਖ਼ਰੀਦ ਵੀ ਲਈਆਂ ਤੇ ਚੁੱਕ ਵੀ ਲਈਆਂ। ਮੌਕੇ ’ਤੇ ਮੌਜੂਦ ਕਿਸਾਨਾਂ ਇੰਦਰਜੀਤ ਸਿੰਘ, ਫਤਿਹਵੀਰ ਸਿੰਘ, ਪ੍ਰਗਟ ਸਿੰਘ, ਨਵਜੀਤ ਸਿੰਘ, ਰੇਸ਼ਮ ਸਿੰਘ, ਸਤਿੰਦਰਜੀਤ ਸਿੰਘ ਆਦਿ ਨੇ ਦੱਸਿਆ ਕਿ ਨਿੱਜੀ ਖ਼ਰੀਦਦਾਰਾਂ ਤੇ ਨਿੱਜੀ ਕੰਪਨੀਆਂ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਅੰਦਰ ਇਹ ਕਹਿ ਕੇ ਡਰ ਪੈਦਾ ਕਰ ਦਿੱਤਾ ਕੇ ਜੇਕਰ ਨਰਮੇ ਵਿਚ ਨਮੀਂ ਦੀ ਮਾਤਰਾ 12 ਫੀਸਦ ਜਾਂ ਇਸ ਤੋਂ ਵਧੇਰੇ ਹੋਈ ਤਾਂ ਨਰਮਾ ਕਿਸੇ ਨੇ ਵੀ ਨਹੀਂ ਖ਼ਰੀਦਣਾ। ਜਿਸ ਦੇ ਡਰ ’ਚ ਹੀ ਬਹੁ ਗਿਣਤੀ ਕਿਸਾਨਾਂ ਨੇ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) 57 ਸੌ ਰੂਪਏ ਪ੍ਰਤੀ ਕੁਇੰਟਲ ਭਾਅ ਲੈਣ ਦੀ ਬਜਾਏ , ਜੋ ਭਾਅ ਮਿਲਿਆ, ਉਸੇ ਭਾਅ ਵਿੱਚ ਹੀ ਨਰਮਾ ਦੇ ਦਿੱਤਾ। ਭਰੋਸੇਯੋਗ ਸੂਤਰਾਂ ਅਨੁਸਾਰ ਤਿੰਨ ਦਿਨ ਪਹਿਲਾਂ ਨਿੱਜੀ ਵਪਾਰੀਆਂ ਵੱਲੋਂ 45 ਸੌ ਤੋਂ 49 ਸੌ ਰੂਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੈਂਕੜੇ ਕੁਇੰਟਲ ਨਰਮੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਸੀਸੀਆਈ ਦੇ ਸਥਾਨਕ ਅਧਿਕਾਰੀ ਵਜਿੰਦਰ ਯਾਦਵ ਨੇ ਕਿਹਾ ਕਿ ਉਹ ਸੀਸੀਆਈ ਦੇ ਨਿਯਮਾਂ ਅਨੁਸਾਰ ਹੀ ਖ਼ਰੀਦ ਕਰਦੇ ਹਨ ਤੇ ਨਮੀ ਵਾਲੇ ਨਰਮੇ ਦੀ ਖ਼ਰੀਦ ਨਾ ਕਰਨਾ ਉਨ੍ਹਾਂ ਦੀ ਵਿਭਾਗੀ ਮਜਬੂਰੀ ਹੈ। ਓਧਰ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੀ ਹਲਾਤ ਕੁੱਝ ਵੱਖਰੇ ਨਹੀਂ ਹਨ, ਅਜੇ ਤੱਕ ਬੋਲੀ ਲਾਉਣ ਵਾਲੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀ ਆਪੋ-ਆਪਣੇ ਆਲੀਸ਼ਾਨ ਏਸੀ ਦਫ਼ਤਰਾਂ ’ਚੋਂ ਬਾਹਰ ਨਹੀਂਂ ਆਏ। ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਲੋਟ ਵਿੱਚ ਖ਼ਰੀਦ ਪ੍ਰਬੰਧ ਦਰੁਸਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune