ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ 7ਵੇਂ ਦਿਨ ਵੀ ਪਿੰਡ ਖੇੜੀ ’ਚ ਰਿਲਾਇੰਸ ਪੰਪ ਤੇ ਲੱਡਾ ਟੌਲ ਪਲਾਜ਼ਾ ’ਤੇ ਰੋਸ ਧਰਨੇ ’ਤੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਕਿਸਾਨ ਗਰਜਦੇ ਰਹੇ। ਦੋਵੇਂ ਧਰਨਿਆਂ ’ਚ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਦੀ ਭਰਵੀਂ ਹਾਜ਼ਰੀ ਕਿਸਾਨ ਅੰਦੋਲਨ ਨੂੰ ਤਕੜਾ ਹੁਲਾਰਾ ਦੇ ਰਹੀ ਹੈ। ਧਰਨਿਆਂ ’ਚ ਸਿਰਾਂ ’ਤੇ ਕੇਸਰੀ ਚੁੰਨੀਆਂ ਤੇ ਹੱਥਾਂ ’ਚ ਕਿਸਾਨ ਜਥੇਬੰਦੀ ਦੇ ਝੰਡੇ ਫੜ੍ਹ ਕਿਸਾਨ ਬੀਬੀਆਂ ਮੋਦੀ ਸਰਕਾਰ ਨੂੰ ਵੰਗਾਰ ਰਹੀਆਂ ਹਨ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ’ਚ ਕਿਸਾਨ ਅੰਦੋਲਨ ’ਚ ਜੋਸ਼ ਤੇ ਉਤਸ਼ਾਹ ਭਰਦਾ ਜਾ ਰਿਹਾ ਹੈ। ਰੋਸ ਧਰਨਿਆਂ ’ਚ ਕਿਸਾਨ ਬੀਬੀਆਂ, ਬਜ਼ੁਰਗ, ਨੌਜਵਾਨ ਤੇ ਛੋਟੀ ਉਮਰ ਦੇ ਬੱਚੇ ਵੀ ਮੋਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਸ਼ਮੂਲੀਅਤ ਕਰ ਰਹੇ ਹਨ ਜਿਸ ’ਤੋਂ ਸਪਸ਼ਟ ਹੈ ਕਿ ਪੰਜਾਬ ’ਚ ਕਿਸਾਨੀ ਦੇ ਹੱਕ ’ਚ ਉੱਠੀ ਆਵਾਜ਼ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਭਰ ’ਚ ਹਰ ਪਾਸੇ ਕਿਸਾਨੀ ਦੇ ਹੱਕ ’ਚ ਮੋਦੀ ਸਰਕਾਰ ਖ਼ਿਲਾਫ਼ ਆਵਾਜ਼ ਗੂੰਜ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਣਖੀ ਹਨ ਤੇ ਇਹ ਆਪਣੀਆਂ ਜ਼ਮੀਨਾਂ ਵੱਲ ਕਿਸੇ ਨੂੰ ਅੱਖ ਨਹੀਂ ਚੁੱਕਣ ਦੇਣਗੇ। ਉਨ੍ਹਾਂ ਸਰਕਾਰਾਂ ’ਤੇ ਗਿਲਾ ਕੀਤਾ ਕਿ ਜਿਨ੍ਹਾਂ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ ਤੇ ਦੇਸ਼ ਲਈ ਅਨਾਜ਼ ਪੈਦਾ ਕਰਨ ਲਈ ਕਰਜ਼ਈ ਹੋ ਗਏ ਤੇ ਖੁਦਕੁਸ਼ੀਆਂ ਲਈ ਮਜ਼ਬੂਰ ਹੋ ਗਏ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਕੁਰਬਾਨੀਆਂ ਤੇ ਮਿਹਨਤਾਂ ਦਾ ਮੁੱਲ ਨਹੀਂ ਪਾਇਆ ਸਗੋਂ ਖੇਤੀ ਵਿਰੋਧੀ ਕਾਨੂੰਨ ਲਿਆ ਕੇ ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ ਰਚੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਆਪਣੇ ਹੱਕਾਂ ਦੀ ਰਾਖੀ ਲਈ ਅੰਜ਼ਾਮ ਤੱਕ ਜ਼ਰੂਰ ਪੁੱਜੇਗਾ ਤੇ ਆਖ਼ਰ ਮੋਦੀ ਸਰਕਾਰ ਨੂੰ ਝੁਕਣਾ ਪਏਗਾ। ਇਸ ਮੌਕੇ ਰੋਸ ਧਰਨਿਆਂ ਵਿਚ ਯੂਨੀਅਨ ਆਗੂ ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਮੰਗਵਾਲ, ਮਨਜੀਤ ਸਿੰਘ ਘਰਾਚੋਂ, ਹਰਪਾਲ ਸਿੰਘ ਪੇਧਨੀ, ਅਮਰਜੀਤ ਸਿੰਘ ਕੱਕੜਵਾਲ,ਗੋਬਿੰਦਰ ਸਿੰਘ ਬਡਰੁੱਖਾਂ, ਕਰਮਜੀਤ ਮੰਗਵਾਲ, ਅਜੈਬ ਸਿੰਘ, ਹਰਦੇਵ ਸਿੰਘ ਕੁਲਾਰਾਂ, ਬਸੰਤ ਸਿੰਘ, ਹਰਮਿੰਦਰ ਸਿੰਘ ਉਪਲੀ, ਜੋਗਿੰਦਰ ਕੌਰ, ਸੁਰਜੀਤ ਕੌਰ ਖੇੜੀ, ਗੁਲਾਬ ਕੌਰ, ਮਹਿੰਦਰ ਕੌਰ ਉਭਾਵਾਲ, ਕਰਮਜੀਤ ਕੌਰ, ਗੁਰਮੀਤ ਕੌਰ ਪਿੰਡੀ ਭੁੱਲਰ, ਗੁਰਮੀਤ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਸਮਾਣਾ-ਪਟਿਆਲਾ ਰੋਡ ਉੱਤੇ ਟੌਲ ਪਰਚੀ ਕਰਵਾਈ ਬੰਦ
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਸਮਾਣਾ ਪਟਿਆਲਾ ਰੋਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਲਾਇਆ ਗਿਆ ਹੈ ਤੇ ਟੌਲ ਪਰਚੀ ਕੱਟਣੀ ਰੋਕ ਦਿੱਤੀ ਹੈ। ਜਿਸ ਕਾਰਨ ਜਿੱਥੇ ਆਉਣ ਜਾਣੇ ਵਾਲੇ ਲੋਕਾਂ ਨੂੰ ਟੌਲ ਪਰਚੀ ਤੋਂ ਰਾਹਲ ਮਿਲੀ ਹੋਈ ਹੈ ਦੂਜੇ ਪਾਸੇ ਟੌਲ ਕੰਪਨੀ ਨੂੰ ਇਸ ਨਾਲ ਕਰੀਬ ਸਾਢੇ ਤਿੰਨ ਲੱਖ ਰੁਪਏ ਰੋਜ਼ਾਨਾ ਦਾ ਘਾਟਾ ਪੈ ਰਿਹਾ ਹੈ। ਧਰਨੇ ’ਤੇ ਬੈਠੇ ਕਿਸਾਨ ਯੂਨੀਅਨ ਡਕੌਂਦਾ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨੇ ਐਕਟ ਕਿਸਾਨ ਮਾਰੂ ਹਨ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਇਹ ਲਾਗੂ ਨਹੀਂ ਹੋਣ ਦੇਣਗੇ ਤੇ ਉਸ ਸਮੇਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਚੋਣਾਂ ਤੋਂ ਪਹਿਲਾ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਭਰੋਸਾ ਦਵਾਇਆ ਸੀ ਪਰ ਇਹ ਤਾਂ ਲਾਗੂ ਕੀ ਕਰਨਾ ਸੀ ਸਗੋਂ ਐੱਮਐੱਸਪੀ ਖ਼ਤਮ ਕਰਕੇ ਕਿਸਾਨਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਕਰ ਸਿੰਘ, ਸੁਖਚੈਨ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਟੌਲ ਪਲਾਜ਼ਾ ਦੇ ਮੈਨੇਜਰ ਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਇਸ ਧਰਨੇ ਕਾਰਨ ਉਨ੍ਹਾਂ ਦਾ ਕਰੀਬ ਸਾਢੇ ਤਿੰਨ ਲੱਖ ਰੁਪਏ ਰੋਜ਼ਾਨਾ ਦਾ ਨੁਕਸਾਨ ਹੋ ਰਿਹਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune