ਮਾਲਵਾ ਖੇਤਰ ਦੇ ਸਾਰੇ ਰੇਲਵੇ ਸਟੇਸ਼ਨ 100 ਘੰਟੇ ਤੋਂ ਸੁੰਨੇ ਪਏ ਹਨ। ਰੇਲਵੇ ਲਾਈਨਾਂ ‘ਤੇ ਕਿਸਾਨਾਂ ਦੀਆਂ ਗੱਡੀ ਨਾਲੋਂ ਉੱਚੀਆਂ ਕੂਕਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰ ਰਹੀਆਂ ਹਨ ਕਿ ਦਿੱਲੀ ਨੂੰ ਆਉਣ-ਜਾਣ ਵਾਲੀਆਂ ਰੇਲਾਂ ਪਾਸ ਕੀਤੇ ਖੇਤੀ ਕਾਨੂੰਨਾਂ ‘ਤੇ ਲਕੀਰ ਮਰਵਾਉਣ ਤੋਂ ਬਾਅਦ ਹੀ ਸਟੇਸ਼ਨਾਂ ‘ਤੇ ਚੱਲ ਸਕਣਗੀਆਂ। ਰੇਲਵੇ ਸਟੇਸ਼ਨਾਂ ਉਤੇ ਦਫ਼ਤਰੀ ਬਾਬੂ ਭਾਵੇਂ ਰੋਜ਼ ਵਾਂਗ ਆਉਂਦੇ ਹਨ ਅਤੇ ਬਿਨਾਂ ਕੋਈ ਵਿਭਾਗੀ ਕੰਮ ਕਰਿਆ ਸ਼ਾਮ ਵੇਲੇ ਘਰਾਂ ਨੂੰ ਪਰਤ ਜਾਂਦੇ ਹਨ।
31 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਲਾਈਨਾਂ ‘ਤੇ ਲਾਏ ਧਰਨਿਆਂ ਕਾਰਨ ਅੱਜ ਚੌਥੇ ਦਿਨ ਵੀ ਕਿਸੇ ਗੱਡੀ ਦੀ ਕੂਕ ਕਿਸੇ ਟਰੈਕ ‘ਤੇ ਨਹੀਂ ਵੱਜ ਸਕੀ। ਮਾਨਸਾ ਵਿੱਚ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ‘ਤੇ ਦਿੱਤੇ ਧਰਨੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਅੱਜ 18 ਤੋਂ ਵੱਧ ਥਾਵਾਂ ਉੱਪਰ ਰੇਲਾਂ ਰੋਕਣ ਲਈ ਕਿਸਾਨ ਗਰਜੇ ਹਨ ਅਤੇ ਇਹ ਧਰਨੇ ਰਾਤ ਨੂੰ ਵੀ ਜਾਰੀ ਰਹਿਣਗੇ। ਇਨ੍ਹਾਂ ਗੱਡੀਆਂ ਦੇ ਬੰਦ ਹੋਣ ਨਾਲ ਜਿੱਥੇ ਦੂਰ-ਦੁਰਾਡੇ ਜਾਣ ਵਾਲੀਆਂ ਸਵਾਰੀਆਂ ਨੂੰ ਦੁੱਖ-ਤਕਲੀਫ਼ ਦਾ ਸਾਹਮਣਾ ਕਰਨਾ ਪੈਣ ਲੱਗਿਆ, ਉਥੇ ਬਾਹਰਲੇ ਰਾਜਾਂ ਤੋਂ ਆਉਂਦੇ ਵਪਾਰੀਆਂ ਦੇ ਮਾਲ ਦੀ ਵੀ ਪ੍ਰੇਸ਼ਾਨੀ ਹੋਣ ਲੱਗੀ ਹੈ। ਮਾਨਸਾ ਦੀਆਂ ਰੇਲ ਪਟੜੀਆਂ ‘ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਕਿਸਾਨ ਆਗੂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਜੋ ਕਿਸਾਨਾਂ ਖਿਲਾਫ ਖੁੱਲ੍ਹੀ ਮੰਡੀ ਦੇ ਨਾਮ ‘ਤੇ ਆਰਡੀਨੈਂਸ ਬਿੱਲ ਪਾਸ ਕੀਤਾ ਗਿਆ ਹੈ ਉਸਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ।
ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਇਸ ਅੰਦੋਲਨ ਵਿੱਚ ਕਿਸਾਨ ਤੇ ਮਜ਼ਦੂਰ ਬੀਬੀਆਂ ਵੀ ਵੱਡੀ ਗਿਣਤੀ ’ਚ ਸ਼ਾਮਲ ਹੋ ਰਹੀਆਂ ਹਨ। ਕਿਸਾਨਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਖੇਤੀ ਲਈ ਬਣਾਏ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗੀ। ਇਸ ਮੌਕੇ ਅਵਤਾਰ ਚੜਿੱਕ ਅਤੇ ਕੁਲਵੀਰ ਸੋਨੀ ਨੇ ਕਵੀਸ਼ਰੀ ਗਾ ਕੇ ਧਰਨਾਕਾਰੀਆਂ ਨਾਲ ਇੱਕਮੁੱਠਤਾ ਜ਼ਾਹਰ ਕੀਤੀ।
ਇੱਥੇ ਰੇਲਵੇ ਸਟੇਸ਼ਨ ਉੱਤੇ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਪ੍ਰਗਟ ਸਿੰਘ ਸਾਫੂਵਾਲਾ, ਕੁਲਜੀਤ ਪੰਡੋਰੀ, ਹਰਜਿੰਦਰ ਸਿੰਘ ਅਕਾਲੀਆਂ ਵਾਲਾ, ਮਾਨ ਗਰੁੱਪ ਦੇ ਜਨਰਲ ਸਕੱਤਰ ਪੰਜਾਬ ਬਲਵੰਤ ਸਿੰਘ ਬ੍ਰਹਮਕੇ, ਸੁੱਖਾ ਸਿੰਘ ਵਿਰਕ, ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਦੇ ਸੁਖਵਿੰਦਰ ਸਿੰਘ ਬ੍ਰਹਮਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੂਰਤ ਸਿੰਘ ਧਰਮਕੋਟ, ਕੁਲਦੀਪ ਭੋਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਲਜ਼ਾਰ ਸਿੰਘ ਘੱਲਕਲਾਂ, ਦਰਸ਼ਨ ਸਿੰਘ ਰੌਲੀ, ਲਾਭ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਜਨਰਲ ਸਕੱਤਰ ਨਛੱਤਰ ਸਿੰਘ ਪ੍ਰੇਮੀ, ਗਿਆਨੀ ਛਿੰਦਰ ਸਿੰਘ, ਪਰਮਿੰਦਰ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ ਬਹਿਰੂ ਦੇ ਕੁਲਦੀਪ ਸਿੰਘ ਭਿੰਡਰ, ਹਰੀ ਸਿੰਘ ਭੌਰੇ, ਆਲ ਇੰਡੀਆ ਕਿਸਾਨ ਸਭਾ ਦੇ ਅਮਰਜੀਤ ਸਿੰਘ ਸ਼ੇਰਪੁਰ ਨੇ ਸੰਬੋਧਨ ਕੀਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune