ਬੋੋੜਾਵਾਲ ਦਾ ਵੀਰ ਸਿੰਘ ਫਹੁੜੀਆਂ ਸਹਾਰੇ ਤੁਰਕੇ ਕੇਂਦਰੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨਿਆਂ ’ਚ ਸ਼ਮੂਲੀਅਤ ਕਰਨ ਪੁੱਜਦੈ। ਸੱਜੇ ਪਾਸੇ ਵਾਲੀ ਫਹੁੜੀ ਨੂੰ ਬਗਲ ’ਚ ਲੈ ਕੇ ਜਦੋਂ ਵੀਰ ਸਿੰਘ ਕੇਂਦਰੀ ਕਾਨੂੰਨਾਂ ਖਿਲਾਫ਼ ਨਾਅਰੇ ਮਾਰਦੈ ਤਾਂ ਉਸਦੇ ਚਿਹਰੇ ਦਾ ਰੰਗ ਲਾਲ ਹੋ ਜਾਂਦੈ। ਦੋਵੇਂ ਲੱਤਾਂ ਤੋਂ ਨਕਾਰਾ ਯੁੂਨੀਵਰਸਿਟੀ ’ਚ ਪੜ੍ਹਦੇ ਮਾਈਸਰ ਖਾਨੇ ਦੇ ਰਾਜਵਿੰਦਰ ਸਿੰਘ ਨੂੰ ਸੰਭੂ ਬਾਰਡਰ ਵੀ ਪੈਰਾਂ ’ਚ ਦਿਸਦੈ ਤੇ ਬਠਿੰਡੇ ਮਾਨਸਾ ਵਿਖੇ ਚਲਦੇ ਕਿਸਾਨੀ ਧਰਨੇ ਵੀ। ਬੋਲਣ ਤੇ ਤੁਰਨ ਤੋਂ ਅਸਮਰਥ ਖੜਕ ਸਿੰਘ ਵਾਲਾ ਦੇ ਗੋਵਿੰਦਰ ਸਿੰਘ ਵਿੱਚ ਵੀ ਕਿਸਾਨੀ ਘੋਲ ਜਿੱਤਣ ਦਾ ਵੱਡਾ ਹੌਂਸਲਾ ਹੈ। ਬਰੇਟੇ ਮੰਡੀ ਦੇ ਅਜਮੇਰ ਸਿੰਘ ਦੀ ਪੋਲੀਓ ਕਰਕੇ ਨਕਾਰਾ ਹੋਈ ਇੱਕ ਲੱਤ ਕਦੇ ਵੀ ਸੰਘਰਸ਼ੀ ਰਾਹ ’ਚ ਰੋੜਾ ਨਹੀਂ ਬਣੀ । ਦੋਵੇਂ ਲੱਤਾਂ ਤੋਂ ਅਪਾਹਜ ਮਾਨਸਾ ਦੇ ਬਲਵਿੰੰਦਰ ਸਿੰਘ ਦਾ ਟਰਾਈਸਾਇਕਲ ਰੋਜ਼ਾਨਾ ਕਿਸਾਨੀ ਧਰਨਿਆਂ ਤੱਕ ਦਾ ਸਫਰ ਤੈਅ ਕਰਦੈ। ਮਾਨਸਾ ਦੀ ਜੋਤੀ ਰਾਣੀ ਦੀਆਂ ਦੋਵੇਂ ਫਹੁੜੀਆਂ ਰੇਲਵੇ ਲਾਈਨ ’ਤੇ ਰੇਲ ਦੇ ਪਹੀਆਂ ਵਾਂਗ ਜਿੱਤ ਦਾ ਸਫਰ ਕਰਦੀਆਂ ਹਨ । ਮਾਨਸਾ ਦਾ ਜਸਦੇਵ ਸ਼ਰਮਾ ਭਾਵੇਂ ਰੀੜ ਦੀ ਹੱਡੀ ਕਰਨ ਸਰੀਰਕ ਤੌਰ ’ਤੇ ਅਪਾਹਜ ਹੈ ਪਰ ਪੰਜਾਬ ਦੀ ਜ਼ਮੀਨ ਅਤੇ ਕਿਸਾਨੀ ਮਾਰਨ ਦਾ ਵੱਡਾ ਦੁੱਖ ਹੈ। ਜ਼ਿਲ੍ਹਾ ਹੈਂਡੀਕੈਪਡ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਦੀ ਵੀਲ੍ਹ ਚੇਅਰ ਨੇ ਜਿੰਨਾ ਸਫਰ ਸੰਘਰਸ਼ਾਂ ਦੇ ਰਸਤੇ ’ਤੇ ਤੈਅ ਕੀਤਾ ਓਨਾ ਸ਼ਾਇਦ ਹੋਰ ਪਾਸੇ ਨਹੀਂ ਨਹੀਂ ਕੀਤਾ। ਮਾਨਸਾ ਸ਼ਹਿਰ ਸਮੇਤ ਦੂਰ ਨੇੜੇ ਲੱਗਣ ਵਾਲੇ ਹਰ ਧਰਨੇ ’ਚ ਸ਼ਮੂਲੀਅਤ ਕਰਨ ਵਾਲੇ ਸ੍ਰੀ ਸ਼ਰਮਾ ਨੇ ਕਿਹਾ ਜ਼ਰੂਰੀ ਨਹੀਂ ਕਿ ਯੁੱਧ ਉਹੀ ਲੜਨ ਅਤੇ ਜਿੱਤਣ ਜਿਹੜੇ ਸਰੀਰਕ ਤੌਰ ’ਤੇ ਤੰਦਰੁਸਤ ਹੋਣ। ਸੰਘਰਸ਼ ਜਿੱਤਣ ਲਈ ਸਭ ਤੋਂ ਵੱਡੀ ਲੋੜ ਹੌਂਸਲੇ ਤੇ ਹਿੰਮਤ ਦੀ ਹੁੰਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune