ਗਾਇਕਾਂ ਨੇ ਲਾਈ ਖੇਤੀ ਕਾਨੂੰਨਾਂ ਵਿਰੁੱਧ ਬਗ਼ਾਵਤੀ ਹੇਕ

October 05 2020

ਦੇਸ਼ ਵਿੱਚ ਬਣੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਗਾਇਕਾਂ ਨੇ ਬਗ਼ਾਵਤੀ ਹੇਕਾਂ ਵਾਲੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਹਰ ਦਿਨ ਯੂਟਿਊਬ ’ਤੇ ਆ ਰਹੇ ਇਹ ਗੀਤ ਟਰੈਕਟਰਾਂ ਅਤੇ ਸੋਸ਼ਲ ਮੀਡੀਆ ’ਤੇ ਲੱਖਾਂ ਦੀ ਗਿਣਤੀ ਵਿੱਚ ਸੁਣੇ ਜਾ ਰਹੇ ਅਤੇ ਪਸੰਦ ਕੀਤੇ ਜਾ ਰਹੇ ਹਨ।

ਗੀਤਕਾਰ ਮਨਪ੍ਰੀਤ ਟਿਵਾਣਾ ਨੇ ਕਿਹਾ ਕਿ ਪੰਜਾਬ ਦੇ ਗਾਇਕਾਂ ’ਤੇ ਲੱਚਰਤਾ ਪਰੋਸਣ ਦਾ ਲੱਗਾ ਧੱਬਾ ਅਤੇ ਕਿਸਾਨਾਂ ਦੀ ਅਸਲੀ ਤਸਵੀਰ ਨਾ ਪੇਸ਼ ਕਰਨ ਦੀ ਹੋ ਰਹੀ ਆਲੋਚਨਾ ਦਾ ਮੂੰਹ ਤੋੜ ਜਵਾਬ ਦੇਣ ਲਈ ਗਾਇਕਾਂ ਦੇ ਖੇਤੀ ਕਾਨੂੰਨਾਂ ਵਿਰੁੱਧ ਗਾਏ ਗੀਤ ਕਿਸਾਨਾਂ ਨੂੰ ਠੰਢੀ ਹਵਾ ਦੇ ਬੁੱਲੇ ਲੱਗ ਰਹੇ ਹਨ। ਸਰਕਾਰਾਂ ਦੇ ਫੈਸਲਿਆਂ ਤੇ ਗੀਤਾਂ ਰਾਹੀਂ ਵਿਅੰਗ ਕੱਸਣ ਵਾਲੇ ਜਗਸੀਰ ਜੀਦਾ ਨੇ ਕਿਹਾ ਕਿ ਪੰਜਾਬ ਦੇ ਗਾਇਕਾਂ ਲਈ ਸਹੀ ਸਮਾਂ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਬਣ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਡਟ ਜਾਣ।

ਨੌਜਵਾਨ ਗੁਰਨੈਬ ਸਿੰਘ ਖੋਖਰ ਨੇ ਕਿਹਾ ਕਿ ਮੌਜੂਦਾ ਹਾਲਾਤ ਸਮੇਂ ਲੜਨ ਲਈ ਪ੍ਰੇਰਿਤ ਕਰਨ ਵਾਲੇ ਗੀਤ ਸੁਣਨਾ ਚੰਗਾ ਲੱਗਦਾ ਹੈ। ਸੰਗੀਤ ਦੇ ਅਧਿਅਪਕ ਗੁਰਭਗਤ ਸਿੰਘ ਨੇ ਕਿਹਾ ਕਿ ਸੰਗੀਤ ਨਾਲ ਪੈਦਾ ਹੋਇਆ ਬੀਰ ਰਸ ਜੁਰਮ ਵਿਰੁੱਧ ਅਤੇ ਹੱਕਾਂ ਦੀ ਰਾਖੀ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ। ਗਾਇਕ ਜੱਸ ਬਾਜਵਾ ਦਾ ਗੀਤ ਜੱਟਾ ਤਕੜਾ ਹੋ ਜਾ, ਕੋਰਲਾ ਮਾਨ ਦਾ ਗੀਤ ਕਹੀ ਵਾਲੇ ਮੋਢੇ ’ਤੇ ਬੰਦੂਕ, ਅਮਰਿੰਦਰ ਗਿੱਲ ਦਾ ਗੀਤ ਪੱਗਾਂ ਪਾਟੀਆਂ, ਹਿੰਮਤ ਸੰਧੂ ਦਾ ਗੀਤ ‘ਅਸੀਂ ਵੱਢਾਂਗੇ’, ਸਿੱਪੀ ਗਿੱਲ ਦਾ ਗੀਤ ‘ਹੱਕ ਖੋਹ ਕੇ ਲੈਣੇ ਆ, ਹਰਫ਼ ਚੀਮਾ ਦਾ ਗੀਤ ‘ਤੈਨੂੰ ਦੱਸਾਂਗੇ ਸਰਕਾਰੇ ਨੀ’ ਆਦਿ ਗੀਤ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਉਨ੍ਹਾਂ ਦੇ ਮੂੰਹ ਚੜ੍ਹ ਗਏ ਹਨ। ਪੰਜਾਬ ਦੇ ਗਾਇਕ ਹਰਭਜਨ ਮਾਨ, ਹਰਜੀਤ ਹਰਮਨ, ਕਨਵਰ ਗਰੇਵਾਲ, ਸਿੱਧੂ ਮੂਸੇਵਾਵਾ, ਰਣਜੀਤ ਬਾਵਾ, ਜੱਸ ਬਾਜਵਾ, ਸਿੱਪੀ ਗਿੱਲ, ਬਲਕਾਰ ਸਿੱਧੂ, ਅੰਮ੍ਰਿਤ ਮਾਨ, ਮਨਕੀਰਤ ਔਲਖ, ਕੁਲਵਿੰਦਰ ਬਿੱਲਾ ਤੇ ਐਮੀ ਵਿਰਕ ਆਦਿ ਕਿਸਾਨਾਂ ਦੇ ਧਰਨਿਆਂ ’ਤੇ ਹਾਜ਼ਰੀ ਲਵਾ ਰਹੇ ਹਨ ਅਤੇ ਫਿਲਮੀ ਕਲਾਕਾਰ ਦੀਪ ਸਿੱਧੂ ਨੇ ਪੰਜਾਬੀਆਂ ਨੂੰ ਸ਼ੰਭੂ ਬਾਰਡਰ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune