ਖੇਤੀਬਾੜੀ ਟੌਲ ਪਲਾਜ਼ਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਗੱਜੇ ਕਿਸਾਨ

October 13 2020

ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਅਰੰਭਿਆ ਸੰਘਰਸ਼ 12 ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨਾਂ ਦੀ ਝੋਨੇ ਦੀ ਫ਼ਸਲ ਸੁਨਾਹਿਰੀ ਹੋਣ ਤੇ ਕੰਮ ਦੇ ਦਿਨ ਹੋਣ ਦੇ ਬਾਵਜੂਦ ਸੰਘਰਸ਼ ਮੱਠਾ ਪੈਣ ਦੀ ਥਾਂ ਤੇਜ਼ ਤੇ ਤਿੱਖਾ ਹੁੰਦਾ ਜਾ ਰਿਹਾ ਹੈ। ਰੇਲਵੇ ਸਟੇਸ਼ਨ ’ਤੇ ਡਟੇ ਕਿਰਤੀਆਂ ’ਚ ਨਾਟਕ ਮੰਡਲੀਆਂ ਤੇ ਇਨਕਲਾਬੀ ਕਵੀਸ਼ਰੀ ਜਥੇ ਜੋਸ਼ ਭਰਨ ਦਾ ਕੰਮ ਕਰ ਰਹੇ ਹਨ। ਧਰਨੇ ਨੂੰ ਹਰਦੀਪ ਗਾਲਿਬ, ਲਲਕਾਰ ਦੀ ਆਗੂ ਅਮਨ, ਇਨਕਲਾਬੀ ਕੇਂਦਰ ਪੰਜਾਬ ਤੇ ਮਜ਼ਦੂਰ ਆਗੂ ਕੰਵਲਜੀਤ ਖੰਨਾ, ਬੂਟਾ ਸਿੰਘ ਚੱਕਰ, ਰੋਡਵੇਜ਼ ਮੁਲਾਜ਼ਮ ਆਗੂ ਜਗਦੀਸ਼ ਸਿੰਘ ਕੜਿਆਲ, ਗੁਰਮੇਲ ਰੂੰਮੀ, ਇੰਦਰਜੀਤ ਧਾਲੀਵਾਲ ਨੇ ਮੋਦੀ ਸਰਕਾਰ ਦੇ ਦੇਸ਼ ਨੂੰ ਵੱਖ-ਵੱਖ ਸੌੜੇ ਮਨਸੂਬਿਆਂ ਰਾਂਹੀ ਬਰਬਾਦ ਕਰਨ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ। ਉਨ੍ਹਾਂ ਡੇਢ ਦਰਜ਼ਨ ਦੇ ਕਰੀਬ ਪਿੰਡਾਂ ਚੋਂ ਆਪਣੇ ਸਾਧਨਾਂ ਰਾਂਹੀ ਧਰਨੇ ’ਚ ਪੁੱਜੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਲਈ ਆਖਦਿਆਂ ਰਾਜਨੀਤਿਕ ਪਾਰਟੀਆਂ ਦੀ ਲੂੰਬੜ ਫਰਜ਼ੀ ਚਾਲਾਂ ਤੋਂ ਸਚੇਤ ਰਹਿਣ ਦੀ ਵੀ ਅਪੀਲ ਕੀਤੀ। ਪਿੰਡਾਂ ਤੋਂ ਪੁੱਜੇ ਨੌਜਵਾਨਾਂ ਨੇ ਅੱਜ ਚੌਂਕੀਮਾਨ ਟੌਲ ਅਤੇ ਅਲੀਗੜ੍ਹ ਰਿਲਾਇੰਸ ਪੰਪ ਬੰਦ ਕਰਵਾ ਕੇ ਮੋਦੀ ਦੇ ਭਾਈਵਾਲ ਕਾਰਪਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੱਟ  ਸਿਆਪਾ ਕੀਤਾ।

ਅੱਜ ਇਥੇ ਪੰਜਾਬ ਨੰਬਰਦਾਰਾ ਐਸੋਸ਼ੀਏਸ਼ਨ (ਗਾਲਿਬ) ਦੀ ਮੀਟਿੰਗ ਸ਼ੇਰ ਸਿੰਘ ਫੈਜਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਐਸੋਸ਼ੀਏਸ਼ਨ ਦੇ ਕੌਮੀ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇਸ਼ਾਹੀ ਨਾਲ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਅਤੇ ਖੇਤੀ ਮੰਡੀ ਪ੍ਰਾਈਵੇਟ ਹੱਥਾਂ ਵਿਚ ਦੇਣ ਕਾਰਨ ਕਿਸਾਨਾਂ ਦੀ ਵੱਡੇ ਵਪਾਰੀਆਂ ਕੋਲੋਂ ਅੰਨ੍ਹੀ ਲੁੱਟ ਕਰਵਾਈ ਜਾਵੇਗੀ। ਇਸ ਮੌਕੇ ਰਾਜਪਾਲ ਸਿੰਘ ਇਕੋਲਾਹੀ ਤੇ ਗੁਰਮੀਤ ਸਿੰਘ ਭੱਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਵਾਪਸ ਲਏ ਜਾਣ।  ਇਸੇ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਇਥੋਂ ਦੇ ਰੇਲਵੇ ਸਟੇਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਰਾਜਿੰਦਰ ਸਿੰਘ ਬੈਨੀਪਾਲ ਤੇ ਗੁਰਦੀਪ ਸਿੰਘ ਭੱਟੀ ਖੰਨਾ ਦੀ ਅਗਵਾਈ ਹੇਠਾਂ ਅੱਜ 10ਵੇਂ ਦਿਨ ਕੇਂਦਰ ਸਰਕਾਰ ਖਿਲਾਫ਼ ਰੋਸ ਧਰਨਾ ਜਾਰੀ ਰਿਹਾ। ਦੇਸ਼ ਭਗਤੀ ਦੇ ਗੀਤਾਂ ਤੇ ਕਵਿਤਾਵਾਂ ਨਾਲ ਅਵਤਾਰ ਸਿੰਘ ਭੱਟੀਆਂ, ਖੁਸ਼ਪ੍ਰੀਤ ਕੌਰ ਢਿੱਲੋਂ, ਸਬਪ੍ਰੀਤ ਕੌਰ ਢਿੱਲੋਂ, ਰੁਪਿੰਦਰ ਕੌਰ ਇਕੋਲਾਹਾ ਨੇ ਭਗਤ ਬੋਲੀਆਂ ਰਾਹੀਂ ਸਮਾਂ ਬੰਨ੍ਹਿਆ। ਕਾਮਰੇਡ ਕਰਨੈਲ ਸਿੰਘ ਇਕੋਲਾਹਾ ਤੇ ਨੇਤਰ ਸਿੰਘ ਨਾਗਰਾ ਨੇ ਕਿਹਾ ਕਿ ਦੇਸ਼ ਦੇ ਜਿਨ੍ਹਾਂ ਸੂਬਿਆਂ ਅੰਦਰ ਮੰਡੀਕਰਨ ਖ਼ਤਮ ਕੀਤਾ ਗਿਆ ਹੈ, ਉੱਥੋਂ ਦੇ ਕਿਸਾਨ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਏ ਹਨ, ਜੇ ਕਿਸਾਨ ਨਾ ਰਿਹਾ ਤਾਂ ਹਰ ਵਰਗ ਪ੍ਰਭਾਵਿਤ ਹੋਵੇਗਾ।             

ਝੋਨੇ ਦੀ ਫ਼ਸਲ ਖੇਤਾਂ ਵਿਚ ਵਾਢੀ ਲਈ ਤਿਆਰ ਖੜ੍ਹੀ ਹੋਣ ਦੇ ਬਾਵਜੂਦ ਖੇਤੀ ਬਾਰੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ ਹੈ ਤੇ ਉਹ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ’ਤੇ 12ਵੇਂ ਦਿਨ ਵੀ ਡਟੇ ਹੋਏ ਹਨ। ਟੌਲ ਪਲਾਜ਼ਾ ’ਤੇ ਪਿਛਲੇ ਦਿਨਾਂ ਤੋਂ ਕਈ ਇਨਕਲਾਬੀ ਜਥੇਬੰਦੀਆਂ ਵੱਲੋਂ ਲਘੂ ਨਾਟਕ, ਸਕਿੱਟਾਂ ਅਤੇ ਗੀਤਾਂ ਨਾਲ ਮਹੌਲ ਨੂੰ ਗਰਮਾਇਆ ਹੋਇਆ ਸੀ, ਅੱਜ ਕਈ ਢਾਡੀ ਜਥੇ ਵੀ ਕਿਸਾਨਾਂ ਵਿਚ ਜੋਸ਼ ਭਰਨ ਲਈ ਪਹੁੰਚੇ ਹੋਏ ਸਨ। ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਪਰ ਵੀ ਕਿਸਾਨਾਂ ਦਾ ਧਰਨਾ 12ਵੇਂ ਦਿਨ ਜਾਰੀ ਰਿਹਾ। ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਘੇਰਾ ਵਿਸ਼ਾਲ ਕਰਨ ਲਈ ਨੌਜਵਾਨ ਕਿਸਾਨ ਪਿੰਡਾਂ ਦੀਆਂ ਸੱਥਾਂ ਤੱਕ ਮੋਟਰਸਾਈਕਲ ਮਾਰਚ ਕਰਦੇ ਪਹੁੰਚ ਕਰ ਰਹੇ ਹਨ।  

ਮਨ ਕੀ ਬਾਤ ਸੁਣ ਭਾਜਪਾ ਨੂੰ ਛੱਡਣ ਲੱਗੇ ਅਹੁਦੇਦਾਰ

ਭਾਰਤੀ ਜਨਤਾ ਪਾਰਟੀ ਜਗਰਾਉਂ ਇਕਾਈ ਦੇ 20 ਅਹੁਦੇਦਾਰਾਂ ਨੇ ਪਾਰਟੀ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ‘ਮਨ ਦੀ ਬਾਤ’ ਸੁਣਦਿਆਂ ਪਾਰਟੀ ਅਹੁੱਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ ’ਚ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ, ਸਾਬਕਾ ਮੰਡਲ ਪ੍ਰਧਾਨ ਰਾਜ਼ ਵਰਮਾ, ਐੱਸਸੀ ਮੋਰਚੇ ਦੇ ਕਿਸ਼ਨ ਕੁਮਾਰ, ਨਗਰ ਕੌਂਸਲ ਸਾਬਕਾ ਸੀ. ਮੀਤ ਪ੍ਰਧਾਨ ਦਰਸ਼ਨ ਸਿੰਘ ਗਿੱਲ, ਦੇਵ ਸਿੰਘ ਵੇਦੂ, ਰਾਜ ਕੁਮਾਰ ਰਾਜੂ, ਜ਼ਿਲ੍ਹਾ ਦਫ਼ਤਰ ਸਕੱਤਰ ਵਿਸ਼ਾਲ ਸਿੰਘ ਗਿੱਲ, ਜੌਨਸਨ ਮਸੀਹ ਜ਼ਿਲ੍ਹਾ ਸੀਨਿਓਰਿਟੀ ਸੈੱਲ ਪ੍ਰਧਾਨ, ਉਪ ਮੰਡਲ ਪ੍ਰਧਾਨ ਅਸ਼ੋਕ ਕੁਮਾਰ, ਅਜ਼ੈ ਅਗਰਵਾਲ ਉਪ ਪ੍ਰਧਾਨ, ਗੌਰਵ ਸਿੰਗਲਾ ਯੂਥ ਸਕੱਤਰ, ਮਨਜੀਤ ਸਿੰਘ ਫੌਜੀ, ਅਵਿਨਾਸ਼ ਬਾਵਾ,ਜੁਗਿੰਦਰਪਾਲ ਨਿਜਾਵਨ, ਜਗਜੀਤ ਸਿੰਘ ਕੰਡਾ, ਕੁਲਵੰਤ ਕੌਰ ਸਾਰੇ ਮੰਡਲ ਸਕੱਤਰ, ਦੀਪਕ ਨਿਜ਼ਾਵਨ ਖਜ਼ਾਨਚੀ, ਬਖਤੌਰ ਸਿੰਘ ਕੌਂਸਲਰ, ਡੈਨੀਅਰ ਅਤੇ ਅਮਨ ਨਿਜ਼ਾਵਨ ਸਹਿ. ਸਕੱਤਰ ਪੀਵੇ ਸ਼ਾਮਲ ਹਨ।  

ਪੰਜਾਬ ਦੀ ਕਿਸਾਨੀ ਤੇ ਜਵਾਨੀ ਇੱਕਜੁੱਟ ਹੋਈ: ਧਨੇਰ

ਪਿੰਡ ਚੱਕ ਭਾਈਕਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾ ਆਗੂ ਮਨਜੀਤ ਸਿੰਘ ਧਨੇਰ ਵਿਸੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਧਨੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਨੂੰ ਰੱਦ ਕਰਵਾਉਣ ਲਈ ਅੱਜ ਪੰਜਾਬ ਦੀ ਕਿਸਾਨੀ ਤੇ ਜਵਾਨੀ ਇੱਕ ਜੁੱਟ ਹੋ ਚੁੱਕੀ ਹੈ, ਜੋ ਸਾਡੇ ਲਈ ਬਹੁਤ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਇੱਕਠੇ ਹੋ ਕੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਵਿੱਚ ਪਿੰਡ ਪੱਧਰ ਦੇ ਲੋਕ ਸ਼ਾਮਿਲ ਹੋਣ ਤਾਂ ਜੋ ਕਿਸਾਨੀ ਨੂੰ ਬਚਾਉਣ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਪੱਧਰ ਦੀਆਂ 250 ਕਿਸਾਨ ਜਥੇਬੰਦੀਆਂ ਵੱਲੋਂ 27 ਨਵੰਬਰ ਨੂੰ ਦਿੱਲੀ ਵਿਖੇ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੀ ਸ਼ਾਮਲ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune