ਖੇਤੀ ਕਾਨੂੰਨ: ਕਿਸਾਨਾਂ ਦਾ ‘ਰੇਲ ਰੋਕੋ ਅੰਦੋਲਨ’ ਜਾਰੀ

October 06 2020

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਝੰਡੇ ਹੇਠ ਪਿੰਡ ਗਿੱਦੜਪਿੰਡੀ ਵਿਚ ਕਿਸਾਨਾਂ ਦਾ ਵਿਸ਼ਾਲ ਇਕੱਠ ਹੋਇਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਭਾਜਪਾ ਹਕੂਮਤ ਕਿਸਾਨੀ ਨੂੰ ਖਤਮ ਕਰਨ ਲਈ ਕਾਰਪੋਰੇਟ ਘਰਾਣਿਆਂ ਨਾਲ ਰਲ ਗਈ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਸਮੂਹ ਕਿਰਤੀ ਤਬਾਹ ਹੋ ਜਾਣਗੇ।  ਉਨ੍ਹਾਂ ਕਿਹਾ ਕਿ ਪਰਚੂਨ ਬਿੱਲ ਆ ਜਾਣ ਨਾਲ ਛੋਟੇ ਦੁਕਾਨਦਾਰ ਵੀ ਕਾਰਪੋਰੇਟ ਘਰਾਣਿਆਂ ਦੇ ਮੁਹਤਾਜ ਹੋ ਜਾਣਗੇ।  ਕਿਸਾਨੀ ਸੰਘਰਸ਼ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਉਨ੍ਹਾਂ ਦੀ ਜਥੇਬੰਦੀ ਨੇ ਕਾਰਪੋਰੇਟ ਘਰਾਣਿਆਂ ਦੇ ਟੌਲ ਪਲਾਜ਼, ਮੌਲ ਅਤੇ ਪੈਟਰੋਲ ਪੰਪਾਂ ਉੱਪਰ ਧਰਨੇ ਲਗਾਏ ਹੋਏ ਹਨ। 31 ਕਿਸਾਨ ਜਥੇਬੰਦੀਆਂ ਲਗਾਤਾਰ ਰੇਲਾਂ ਦੀਆਂ ਪੱਟੜੀਆਂ ਉੱਪਰ ਧਰਨੇ ਲਗਾ ਕੇ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਕੋਲ ਸੰਘਰਸ਼ ਤੋਂ ਬਗੈਰ ਹੋਰ ਕੋਈ ਚਾਰਾ ਹੀ ਨਹੀ ਬਚਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ  ਯੂਨੀਅਨ ਵਿਚ ਸ਼ਾਮਲ ਹੋ ਕੇ ਸੰਘਰਸ਼ਾਂ ਦੇ ਪਿੜ ਮੱਲਣ। ਮਨਜੀਤ ਸਿੰਘ ਮਲਸੀਆਂ, ਕੇਵਲ ਸਿੰਘ, ਗੁਰਦੇਵ ਸਿੰਘ, ਨੀਟਾ, ਨਿਰਮਲ ਸਿੰਘ ਖਾਲਸਾ, ਸੁਖਪਾਲ ਸਿੰਘ ਰਾਈਵਾਲ ਅਤੇ ਕਈ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਧੱਕੇ ਨਾਲ ਥੋਪਣ ਦੀ ਨਿਖੇਧੀ ਕਰਦਿਆਂ ਕਸਬੇ ਦੇ ਨੌਜਵਾਨ ਵਰਗ ਵੱਲੋਂ ਢਿਲਵਾਂ ਰੇਲਵੇ ਲਾਈਨ ਉਤੇ ਕਿਰਤੀ-ਕਿਸਾਨ ਯੂਨੀਅਨ ਵੱਲੋਂ ਰੇਲ ਰੋਕੋ ਅੰਦੋਲਨ ਲਈ ਦਿਤੇ ਜਾ ਰਹੇ ਧਰਨੇ ਵਿੱਚ ਗੁਰਵਿੰਦਰ ਸਿੰਘ ਬਾਜਵਾ ਤੇ ਲਵ ਧਵਨ ਦੀ ਅਗਵਾਈ ਹੇਠ ਹਿੱਸਾ ਲਿਆ ਗਿਆ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਰਾਜਸੀ ਲੋਕਾਂ ਦੀਆਂ ਚਾਲਾਂ ਨੂੰ ਸਮਝਣ ਤੇ ਆਪਣੇ ਹੱਕਾਂ ਲਈ ਸੰਘਰਸ਼ ਨੂੰ ਨੇਪਰੇ ਚਾੜ੍ਹਨ। ਇਸ ਮੌਕੇ ਭੁਲੱਥ ਤੋਂ ਬਹੁਤ ਸਾਰੇ ਨੌਜਵਾਨ ਹਾਜ਼ਰ ਸਨ।

ਹਾਥਰਸ ਵਿੱਚ ਵਾਪਰੀ ਘਟਨਾ ਖਿਲਾਫ਼ ਸੀਪੀਆਈ ਅਤੇ ਪੰਜਾਬ ਇਸਤਰੀ ਸਭਾ ਦੇ ਸੱਦੇ ’ਤੇ  ਕਸਬਾ ਚੋਹਲਾ ਸਾਹਿਬ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਕੇਂਦਰ ਅਤੇ ਯੂਪੀ ਸਰਕਾਰ ਖਿਲਾਫ਼ ਰੋਸ ਮੁਜਾਹਰਾ ਵੀ ਕੀਤਾ ਗਿਆ। ਸੀਪੀਆਈ ਬਲਾਕ ਨੌਸ਼ਹਿਰਾ ਪੰਨੂਆਂ ਅਤੇ ਚੋਹਲਾ ਸਾਹਿਬ ਦੇ ਸਾਂਝੇ ਸਕੱਤਰ ਕਾ. ਬਲਵਿੰਦਰ ਸਿੰਘ ਦਦੇਹਰ ਸਾਹਿਬ ਅਤੇ ਕੌਂਸਲ ਮੈਂਬਰ ਪਰਮਜੀਤ ਸਿੰਘ ਬਾਬਾ ਨੇ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਨੂੰ ਫੌਰੀ ਫਾਹੇ ਲਾਇਆ ਜਾਵੇ ਅਤੇ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਸੇਵਾ ਸਿੰਘ, ਅਮਰੀਕ ਸਿੰਘ, ਮਿਲਖਾ ਸਿੰਘ, ਹਰਮਨ ਕੌਰ, ਹਰਲੀਨ ਕੌਰ, ਸਨੇਹ ਪ੍ਰੀਤ ਕੌਰ, ਧਰਮਿੰਦਰ, ਸੋਨੂੰ, ਬਲਵਿੰਦਰ ਸਿੰਘ ਬਿੱਲਿਆਂ ਵਾਲਾ ਆਦਿ ਹਾਜ਼ਰ ਸਨ। 

ਕਿਸਾਨੀ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਸਾਥੀਆਂ ਸਮੇਤ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ, ਨਵੇਂ ਬਣੇ ਖੇਤੀ ਕਾਨੂੰਨ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਜ਼ਿਲ੍ਹਾ ਪ੍ਰਧਾਨ ਚੌਧਰੀ ਹੀਰਾ ਖੇਪੜ ਦੀ ਅਗਵਾਈ ਵਿੱਚ ਬਲਾਚੌਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਨੇ ਮੁੱਖ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਚੌਧਰੀ ਹੀਰਾ ਖੇਪੜ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਜਿੱਥੇ ਸਮਾਜ ਦੇ ਆਮ ਵਰਗਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ, ਉੱਥੇ ਖੇਤੀ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਰੋਜ਼ੀ-ਰੋਟੀ ਖੋਹ ਕੇ ਅੰਬਾਨੀ, ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਰਾਹ ਪੱਧਰਾ ਕਰ ਰਹੀ ਹੈ। ਇਸ ਮੌਕੇ ਬਲਜਿੰਦਰ ਸਿੰਘ ਸਰਪੰਚ ਮਾਣੇਵਾਲ, ਦਵਿੰਦਰ ਬੱਬੂ ਸਰਪੰਚ ਜੱਟਪੁਰ, ਗੁਰਦੀਪ ਸਰਪੰਚ ਨਿੱਘੀ, ਸਤਿੰਦਰ ਲਾਲ ਚੇਚੀ, ਹੇਮੰਤ ਕੁਮਾਰ ਸੰਮਤੀ ਮੈਂਬਰ, ਮਹਿੰਦਰ ਪਾਲ ਅਤੇ ਮਦਨ ਖੇਪੜ ਸ਼ਾਮਲ ਆਦਿ ਅਹੁਦੇਦਾਰ ਵੀ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune