ਕਿਸਾਨੀ ਸੰਘਰਸ਼ਾਂ ਨੇ ਨਵੀਂ ਹਰੀ ਕ੍ਰਾਂਤੀ ਹੋਂਦ ਵਿੱਚ ਲਿਆਂਦੀ

October 05 2020

ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਨੇ ਸੂਬੇ ਵਿੱਚ ਨਵੀਂ ਹਰੀ ਕ੍ਰਾਂਤੀ ਦਾ ਆਗਾਜ਼ ਕੀਤਾ ਹੈ। ਇਹ ਕ੍ਰਾਂਤੀ ਲੋਕਾਂ ਨੂੰ ਸਿਆਸੀ ਪਾਰਟੀਆਂ ਦੇ ਚੁੰਗਲ ’ਚੋਂ ਆਜ਼ਾਦ ਕਰਵਾਉਣ ਦੀ ਪਹਿਲ ਦਿਖਾਈ ਦੇ ਰਹੀ ਹੈ। ਇਹ ਕ੍ਰਾਂਤੀ ਕਿਸਾਨ ਜਥੇਬੰਦੀਆਂ ਦੇ ਹਰੇ ਝੰਡਿਆਂ ਦੀ ਹੈ। ਖੇਤੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਸਿਆਸੀ ਲੋਕਾਂ ਤੋਂ ਵਿਸ਼ਵਾਸ ਟੁੱਟਦਾ ਦਿਖ਼ਾਈ ਦੇ ਰਿਹਾ ਹੈ। ਕਿਸਾਨਾਂ ਨੂੰ ਹੁਣ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਸ ਕਿਸਾਨ ਜਥੇਬੰਦੀਆਂ ਤੋਂ ਦਿਖ਼ਾਈ ਦੇ ਰਹੀ ਹੈ। ਇਸ ਕਰਕੇ ਹਰੇ ਝੰਡਿਆਂ ਦੀ ਇਹ ਕ੍ਰਾਂਤੀ ਹੁਣ ਪਿੰਡਾਂ ਵਿੱਚ ਹਰ ਘਰ ਦੇ ਉੱਪਰ ਲੱਗੀ ਦਿਖਾਈ ਦੇ ਰਹੀ ਹੈ। ਇਸ ਕ੍ਰਾਂਤੀ ਦੀ ਗਵਾਹੀ ਸੜਕਾਂ ’ਤੇ ਜਾਂਦੀਆਂ ਗੱਡੀਆਂ, ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਭਰ ਰਹੀਆਂ ਹਨ। ਇਨ੍ਹਾਂ ’ਤੇ ਸਿਰਫ਼ ਕਿਸਾਨ ਯੂਨੀਅਨ ਦੇ ਝੰਡਾ ਝੂਲਦੇ ਦਿਖ਼ਾਈ ਦੇ ਰਹੇ ਹਨ। ਕਿਸਾਨ ਜਥੇਬੰਦੀਆਂ ਨਾਲ ਵੱਡੀ ਗਿਣਤੀ ’ਚ ਲੋਕ ਜੁੜੇ ਹਨ। ਇਸ ਕਰਕੇ ਜਥੇਬੰਦੀਆਂ ਨੂੰ ਆਪਣੇ ਝੰਡਿਆਂ ਅਤੇ ਡੰਡਿਆਂ ਦੀ ਗਿਣਤੀ ਵਧਾਉਣੀ ਪਈ ਹੈ। ਝੰਡੇ ਅਤੇ ਬੈਜ਼ ਤਿਆਰ ਕਰਕੇ ਜਥੇਬੰਦੀਆਂ ਦੇ ਰਹੀਆਂ ਹਨ ਜਦੋਂ ਕਿ ਡੰਡਿਆਂ ਦੇ ਪ੍ਰਬੰਧ ਖ਼ੁਦ ਇਕਾਈਆਂ ਦੇ ਅਹੁਦੇਦਾਰ ਕਰਦੇ ਹਨ।

ਮਾਲਵੇ ’ਚ ਵਧੇਰੇ ਸਰਗਰਮ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਡਕੌਂਦਾ ਦੇ ਝੰਡਿਆਂ ਦੀ ਗਿਣਤੀ ਕਈ ਕਈ ਹਜ਼ਾਰ ਵਧੀ ਹੈ। ਉਗਰਾਹਾਂ ਜਥੇਬੰਦੀ ਦੇ ਸੂਬਾਈ ਆਗੂ ਰੂਪ ਸਿੰਘ ਛੰਨਾ ਨੇ ਦੱਸਿਆ ਕਿ ਖੇਤੀ ਬਿੱਲਾਂ ਦੇ ਸੰਘਰਸ਼ ਤੋਂ ਪਹਿਲਾਂ ਜਥੇਬੰਦੀ ਦੀਆਂ ਇਕਾਈਆਂ ਦੀ ਗਿਣਤੀ 650 ਦੇ ਕਰੀਬ ਸੀ। ਜੋ ਹੁਣ ਵਧ ਕੇ ਇੱਕ ਹਜ਼ਾਰ ਤੱਕ ਪੁੱਜ ਗਈ ਹੈ। ਇਸ ਵੇਲੇ ਚੱਲਦੇ ਸੰਘਰਸ਼ ਵਿੱਚ 35 ਹਜ਼ਾਰ ਝੰਡਾ ਅਤੇ 50 ਹਜ਼ਾਰ ਬੈਜ਼ ਤਿਆਰ ਕਰਕੇ ਵੰਡ ਦਿੱਤਾ ਗਿਆ ਹੈ। 60 ਹਜ਼ਾਰ ਝੰਡਾ ਅਤੇ 50 ਹਜ਼ਾਰ ਬੈਜ਼ ਹੋਰ ਨਵੇਂ ਬਣਾਉਣ ਦੇ ਆਰਡਰ ਦੇ ਦਿੱਤੇ ਗਏ ਹਨ।

ਭਾਕਿਯੂ ਡਕੌਂਦਾ ਦੇ ਸੂਬਾ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੂਬੇ ਭਰ ’ਚ 300 ਤੋਂ ਵਧੇਰੇ ਜਥੇਬੰਦੀ ਦੀਆਂ ਇਕਾਈਆਂ ਇਸ ਚੱਲਦੇ ਸੰਘਰਸ਼ ਦੌਰਾਨ ਬਣਾਈਆਂ ਜਾ ਚੁੱਕੀਆਂ ਹਨ। 10 ਹਜ਼ਾਰ ਨਵਾਂ ਝੰਡਾ ਅਤੇ ਬੈਜ਼ ਵੰਡ ਦਿੱਤੇ ਗਏ ਹਨ ਜਦੋਂ ਕਿ ਏਨੇ ਹੀ ਝੰਡਿਆਂ ਅਤੇ ਬੈਜ਼ ਦੀ ਲੋੜ ਮਹਿਸੂਸ ਹੋ ਰਹੀ ਹੈ। ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਜਥੇਬੰਦੀਆਂ ਦੀਆਂ ਇਕਾਈਆਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ ਪਰ ਆਗੂ ਖੇਤੀ ਸੰਘਰਸ਼ ’ਚ ਰੁੱਝੇ ਹੋਣ ਕਰਕੇ ਇਕਾਈਆਂ ਬਣਾਉਣ ਲਈ ਸਮਾਂ ਨਹੀਂ ਹੈ। 18 ਹਜ਼ਾਰ ਜਥੇਬੰਦੀ ਦਾ ਨਵਾਂ ਝੰਡਾ ਅਤੇ 35 ਹਜ਼ਾਰ ਨਵੇਂ ਬੈਜ਼ ਵੰਡੇ ਜਾ ਚੁੱਕੇ ਹਨ। ਇਸ ਤੋਂ ਵਧੇਰੇ ਝੰਡੇ ਅਤੇ ਬੈਜ਼ ਦੀ ਮੰਗ ਜਥੇਬੰਦੀ ਦੇ ਅਹੁਦੇਦਾਰ ਕਰ ਰਹੇ ਹਨ। ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਲੋਕਾਂ ਦਾ ਉਭਾਰ ਉੱਠਿਆ ਹੈ ਜਿਸ ਨੂੰ ਸੰਭਾਲਣਾ ਵੱਡੀ ਚਣੌਤੀ ਹੈ। ਕਿਸਾਨ ਜਥੇਬੰਦੀਆਂ ਨੂੰ ਆਪਣੇ ਨਾਲ ਜੁੜੇ ਨਵੇਂ ਲੋਕਾਂ ਅਤੇ ਨਵੀਆਂ ਇਕਾਈਆਂ ਨੂੰ ਚੇਤੰਨ ਕਰਨ ਦੀ ਵੀ ਲੋੜ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune