ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਦਾ 11ਵਾਂ ਦਿਨ ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸਮਰਪਿਤ ਰਿਹਾ। ਵਿਸ਼ਾਲ ਇਕੱਠ ਦੌਰਾਨ ਬੁਲਾਰਿਆਂ ਨੇ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪੰਡਾਲ ’ਚ ਪ੍ਰਿਥੀਪਾਲ ਸਿੰਘ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਤੇ ਰਾਜ ਸਰਕਾਰਾਂ ਆਨੇ-ਬਹਾਨੇ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀਆਂ ਹਨ ਪਰ ਆਉਣ ਵਾਲੇ ਦਿਨਾਂ ’ਚ ਹੋਰ ਤਿੱਖੇ ਤੇ ਜਾਨ ਹੂਲਵੇਂ ਸੰਘਰਸ਼ ਹੋਣਗੇ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਦਿਆਂਗੇ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਧਰਮਪਾਲ ਸੀਲ, ਬੀਕੇਯੂ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਨ ਸਿੰਘ ਦੋਹਲਾ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਬਹਾਦਰਪੁਰ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਜੌਲੀਆਂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਹਰਮੇਲ ਸਿੰਘ ਮਹਿਰੋਕ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿਥੀਪਾਲ ਸਿੰਘ ਵਰਗੇ ਯੋਧਿਆਂ ਨੇ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜਦਿਆਂ ਆਪਣੀ ਜਾਨ ਦੇ ਦਿੱਤੀ ਪਰ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਮਿਹਨਤੀ ਕਿਸਾਨ ਸਿਰ ਧੜ ਦੀ ਬਾਜ਼ੀ ਲਾਉਣ ਲਈ ਸੰਘਰਸ਼ ਦੇ ਮੈਦਾਨ ’ਚ ਕੁੱਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਨ੍ਹਾਂ ਕਾਲੇ ਕਾਨੂੰਨਾਂ ਰਾਹੀਂ ਕਿਸਾਨ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਹੋਣ ਦੇਣਗੇ ਤੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ’ਚ ਕੋਲੇ ਤੇ ਖਾਦ ਦੀ ਘਾਟ ਦਾ ਹਊਆ ਖੜ੍ਹਾ ਕਰਕੇ ਕੇਂਦਰ ਤੇ ਪੰਜਾਬ ਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਿਸਾਨ ਇਨ੍ਹਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਬੁਲਾਰਿਆਂ ਨੇ ਮੰਗ ਕੀਤੀ ਕਿ ਬਾਹਰਲੇ ਸੂਬਿਆਂ ਤੇ ਜ਼ਿਲ੍ਹਿਆਂ ’ਚੋਂ ਸਸਤੇ ਰੇਟ ’ਤੇ ਝੋਨਾ ਮੰਗਵਾਉਣਾ ਬੰਦ ਕੀਤਾ ਜਾਵੇ ਤੇ ਪਹਿਲਾਂ ਲੋਕਲ ਕਿਸਾਨਾਂ ਦਾ ਝੋਨਾ ਚੁੱਕਿਆ ਜਾਵੇ। ਧਰਨੇ ’ਚ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਵੱਲੋਂ ਧਰਮਪਾਲ ਸਿੰਘ ਤੇ ਮਾਲਵਾ ਲਿਖਾਰੀ ਸਭਾ ਵੱਲੋਂ ਦਲਵਾਰ ਸਿੰਘ, ਅਦਾਰਾ ਪਰਵਾਸੀ ਵੱਲੋਂ ਅਰਵਿੰਦਰ ਕੌਰ ਕਾਕੜਾ, ਸੰਤ ਰਾਮ ਛਾਜਲੀ, ਕਰਮਜੀਤ ਸਤੀਪੁਰਾ, ਗੁਰਮੀਤ ਸਿੰਘ ਕਪਿਆਲ, ਕਰਨੈਲ ਸਿੰਘ ਕਾਕੜਾ ਨੇ ਵੀ ਸੰਬੋਧਨ ਕੀਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune