ਕਿਸਾਨਾਂ ਨੇ ਰਿਲਾਇੰਸ ਕੰਪਨੀ ਦੇ ਸਟੋਰ ਘੇਰੇ

October 06 2020

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਦੇ ਵਿਰੋਧ ਦੇ ਵਿੱਚ 31 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਕਿਸਾਨਾਂ ਵੱਲੋਂ ਸਰਕਾਰ ਦੀ ਚਹੇਤੀ ਕੰਪਨੀ ਰਿਲਾਇੰਸ ਦੇ ਚੰਡੀਗੜ੍ਹ ਰੋਡ ’ਤੇ ਨਵਾਂਸ਼ਹਿਰ ਵਿੱਚ ਸਥਿੱਤ ਸਟੋਰ ਦਾ ਘਿਰਾਓ ਕੀਤਾ ਗਿਆ। ਇੱਥੇ ਵੱਡੀ ਗਿਣਤੀ ਵਿੱਚ ਜੁੜੇ ਕਿਸਾਨਾਂ ਨੇ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਲੈਣ ਦੀ ਮੰਗ ਲਈ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਅਤੇ ਭਾਸ਼ਣਾਂ ਰਾਹੀਂ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਗਰਦਾਨਿਆ। ਰੇਲਵੇ ਸਟੇਸ਼ਨ ਉਤੇ ਇੱਕਠੇ ਹੋਏ ਕਿਸਾਨਾਂ ਨੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਅਤੇ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਪਹੁੰਚ ਕੇ ਧਰਨਾ ਲਗਾ ਦਿੱਤਾ।

ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਚਾਹਲ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਬੀਬੀ ਗੁਰਬਖ਼ਸ਼ ਕੌਰ ਸੰਘਾ ਨੇ ਆਖਿਆ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ 2020 ਪਾਸ ਕਰਕੇ ਦੇਸ਼ ਦੇ ਕਿਸਾਨਾਂ ਦੀ ਸੰਘੀ ਘੁੱਟਣ ਦੇ ਨਾਲ-ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਸੱਟ ਮਾਰੀ ਹੈ, ਜਿਸ ਦਾ ਕਿਸਾਨ ਮੂੰਹਤੋੜ ਜਵਾਬ ਦੇਣਗੇ। ਆਗੂਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਤੀ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ।

ਇਕੱਠ ਨੂੰ ਤਰਸੇਮ ਸਿੰਘ ਬੈਂਸ, ਪਰਮਜੀਤ ਸਿੰਘ ਸੰਘਾ, ਅਵਤਾਰ ਸਿੰਘ ਕੱਟ, ਸੁਤੰਤਰ ਕੁਮਾਰ, ਅਮਰਜੀਤ ਸਿੰਘ ਬੁਰਜ, ਮਨਪ੍ਰੀਤ ਸਿੰਘ ਭੰਗਲ, ਡੀ.ਐਲ.ਏ. ਦੇ ਸੂਬਾ ਕਨਵੀਨਅਰ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਬੀਰ ਦੀਪ, ਇਫਟੂ ਤੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ, ਗੁਰਤੇਜ਼ ਸਿੰਘ ਹਿਆਤਪੁਰ, ਕਰਨੈਲ ਸਿੰਘ ਉੜਾਪੜ, ਸਰੂਪ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ, ਰਮਜੀਤ ਸਿੰਘ ਸਿੰਬਲੀ, ਹਿੰਮਤ ਸਿੰਘ ਚੱਕ ਸਿੰਘਾ, ਰਘੁਵੀਰ ਸਿੰਘ ਉਸਮਾਨਪੁਰ, ਨਰਿੰਦਰ ਸਿੰਘ ਉੜਾਪੜ ਅਤੇ ਮਲਕੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਬੀਕੇਯੂ ਲੱਖੋਵਾਲ ਵੱਲੋਂ ਨਕੋਦਰ-ਨੂਰਮਹਿਲ ਰੋਡ ’ਤੇ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ।

ਬੀਕੇਯੂ ਰਾਜੇਵਾਲ ਨਾਲ ਜੁੜੇ ਕਿਸਾਨਾਂ ਨੇ ਰਾਮਾਮੰਡੀ ਤੋਂ ਪੀਏਪੀ ਚੌਂਕ ਹੁੰਦਿਆਂ ਹੋਇਆਂ ਸ਼ਹਿਰ ਵਿੱਚ ਟਰੈਕਟਰ ਮਾਰਚ ਕੀਤਾ। ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਰੋਸ ਮੁਜ਼ਾਹਰੇ ਦੀ ਅਗਵਾਈ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੈਟਰੋਲ ਪੰਪ ਅੱਗੇ ਧਰਨਾ ਲਾਈ ਰੱਖਿਆ। ਇਸੇ ਦੌਰਾਨ ਬੀਕੇਯੂ ਰਾਜੇਵਾਲ ਦੀ ਜ਼ਿਲ੍ਹਾ ਇਕਾਈ ਨੇ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਭਾਜਪਾ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸ੍ਰੀਹਰਗੋਬਿੰਦਪੁਰ, ਕਾਦੀਆਂ ਵੱਲੋਂ ਬਟਾਲਾ-ਸ੍ਰੀ ਹਰਗੋਬਿੰਦਪੁਰ ਸੜਕ ਉੱਤੇ ਸਥਿਤ ਐਸਾਰ ਕੰਪਨੀ ਦਾ ਪਿੰਡ ਭੱਟੀਵਾਲ ਸਥਿਤ ਪੈਟਰੋਲ ਪੰਪ ਦਾ ਘਰਾਉ ਕੀਤਾ ਗਿਆ ਅਤੇ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਮੀਤ ਪ੍ਰਧਾਨ ਹਰਜੀਤ ਸਿੰਘ ਮਠੋਲਾ ਤੇ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਭਰਥ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਕਾਨੂੰਨਾਂ ਦੇ ਸਿੱਟੇ ਵਜੋਂ ਦੇਸ਼ ਦੀ ਕਿਸਾਨੀ ਸਮੁੱਚੇ ਤੌਰ ’ਤੇ ਤਬਾਹ ਹੋ ਜਾਵੇਗੀ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦੋਆਬਾ ਕਿਸਾਨ ਕਮੇਟੀ ਵੱਲੋਂ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਚੌਲਾਂਗ ਟੌਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਕੇ ਟੌਲ ਟੈਕਸ ਦੀ ਵਸੂਲੀ ਬੰਦ ਕਰਵਾ ਦਿੱਤੀ ਗਈ ਅਤੇ ਸਾਰੀ ਆਵਾਜਾਈ ਮੁਫਤ ਵਿੱਚ ਲੰਘਣੀ ਸ਼ੁਰੂ ਹੋ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕੇ ਦੇ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਨੇ ਸ਼ਾਮਿਲ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune