ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਦੇ ਕਾਰਕੁਨਾਂ ਵੱਲੋਂ ਅੱਜ ਅੱਠਵੇਂ ਦਿਨ ਵੀ ਰਿਲਾਇੰਸ ਪੈਟਰੋਲ ਪੰਪ ਬੇਨੜਾ ’ਤੇ ਜ਼ਿਲ੍ਹਾ ਵਿੱਤ ਸੰਗਠਨ ਸਕੱਤਰ ਹਰਪਾਲ ਸਿੰਘ ਪੇਧਨੀ ਕਲਾਂ ਦੀ ਅਗਵਾਈ ਹੇਠ ਪੱਕਾ ਮੋਰਚਾ ਜਾਰੀ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਨੇ ਪੀਲੀਆਂ ਚੁੰਨੀਆਂ ਲੈ ਕੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਤੇ ਬਿਜਲੀ ਐਕਟ-2020 ਨੂੰ ਰੱਦ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਨੇ 15 ਅਕਤੂਬਰ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਕਾਨੂੰਨ ਰੱਦ ਕਰਨ ਦਾ ਅਮਲ ਸਿਰੇ ਨਾ ਚਾੜ੍ਹਿਆ ਤਾਂ ਉਸਦਾ ਵੀ ਬਾਈਕਾਟ ਕੀਤਾ ਜਾਵੇਗਾ। ਆਗੂਆਂ ਨੇ ਸਿਰਸਾ ’ਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ 9 ਅਕਤੂਰਬ ਨੂੰ 2 ਘੰਟੇ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹੈ।
ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮਾਲੇਰਕੋਟਲਾ-ਧੂਰੀ ਰੋਡ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਦਿੱਤਾ ਜਾ ਧਰਨਾ ਅੱਜ ਅੱਠਵੇਂ ਦਿਨ ’ਚ ਦਾਖ਼ਲ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਆਗੂ ਸੇਵਾਮੁਕਤ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ ਵੜੈਚ, ਮਾਸਟਰ ਮੱਘਰ ਸਿੰਘ ਭੂਦਨ, ਅਧਿਆਪਕ ਦਲ (ਜਹਾਂਗੀਰ) ਦੇ ਆਗੂ ਕੁਲਵੰਤ ਸਿੰਘ ਭੈਣੀ, ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ, ਕੁਲਵਿੰਦਰ ਸਿੰਘ ਭੂਦਨ, ਨਿਰਮਲ ਸਿੰਘ ਅਲੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਖੇਤੀ ਨੀਤੀਆਂ ਕਿਸਾਨ ਤੇ ਦੇਸ਼ ਵਿਰੋਧੀ ਹਨ। ਕੇਂਦਰੀ ਖੇਤੀ ਕਾਨੂੰਨ ਸਿਰਫ਼ ਦੇਸ਼ ਦੇ ਕਿਸਾਨਾਂ ਲਈ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਲਈ ਘਾਤਕ ਹਨ। ਮੋਦੀ ਸਰਕਾਰ ਕਿਸਾਨਾਂ ਨੂੰ ਖੇਤੀ ਕਿੱਤੇ ’ਚੋਂ ਬਾਹਰ ਕਰਕੇ ਜ਼ਮੀਨਾਂ ਦੇ ਮਾਲਕ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਬਣਾ ਕੇ ਕਿਸਾਨਾਂ ਨੂੰ ਕਾਰਪੋਰੇਟ ਦੇ ਨੌਕਰ ਬਣਾਉਣਾ ਚਾਹੁੰਦੀ ਹੈ। ਆਗੂਆਂ ਕਿਹਾ ਕਿ ਦੇਸ਼ ਦੀ ਆਰਥਿਕਤਾ ‘ਚ ਖੇਤੀ ਖੇਤਰ ਦਾ ਵੱਡਾ ਯੋਗਦਾਨ ਹੈ।
ਡੀਲਰ ਰਿਲਾਇੰਸ ਦਾ ਲੋਗੋ ਉਤਾਰ ਦੇਣ: ਕਿਸਾਨ
ਹਫਤੇ ਤੋਂ ਬੰਦ ਪਏ ਨਾਭਾ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਕਿਸਾਨੀ ਮੋਰਚਾ ਲੱਗਾ ਹੈ। ਪਰ ਇਸ ਸਬੰਧੀ ਪੰਪ ਮਾਲਕ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵਿਰੋਧ ਦਾ ਨੁਕਸਾਨ ਉਨ੍ਹਾਂ ਦੇ ਸ਼ਹਿਰ ਨੂੰ ਹੋ ਰਿਹਾ ਹੈ ਨਾ ਕਿ ਕੰਪਨੀ ਨੂੰ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਰਿਲਾਇੰਸ ਦੇ ਲੋਗੋ ਨੂੰ ਉਤਾਰ ਕੇ ਪੰਪ ਮਾਲਕ ਆਪਣਾ ਪੰਪ ਚਾਲੂ ਕਰ ਲਵੇ, ਅਸੀਂ ਪਿੱਛੇ ਹਟ ਜਾਵਾਂਗੇ। ਪੰਪ ਮਾਲਕ ਸੰਦੀਪ ਜਿੰਦਲ ਨੇ ਕਿਹਾ ਕਿ ਰਿਲਾਇੰਸ ਦੀ ਜ਼ਿਆਦਾਤਰ ਰਿਫਾਇਨਰੀ ਨਿਰਯਾਤ ’ਤੇ ਨਿਰਭਰ ਕਰਦੀ ਹੈ ਜਿਸ ਕਾਰਨ ਕੰਪਨੀ ਦੇ ਆਪਣੇ ਕਿੰਨੇ ਹੀ ਪੰਪ ਬੰਦ ਪਏ ਹਨ। ਸੰਦੀਪ ਨੇ ਦੱਸਿਆ ਕਿ ਜਿਥੇ ਉਨ੍ਹਾਂ ਦੀ ਵਿਕਰੀ ਦਾ ਨੁਕਸਾਨ ਹੋ ਰਿਹਾ ਹੈ ਉਥੇ ਉਨ੍ਹਾਂ ਦਾ ਉਧਾਰ ਫਸ ਜਾਣ ਦਾ ਖਦਸ਼ਾ ਹੈ। ਪੰਪ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਆਜ਼ਾਦੀ ਦੇ ਘੋਲ, ਭਗਤ ਸਿੰਘ, ਗ਼ਦਰੀ ਬਾਬੇ ਹੋਰਾਂ ਦੀ ਕਹਾਣੀਆਂ ਸੁਣਾਉਂਦੇ ਹੋਏ ਕਿਸਾਨ ਆਗੂ ਇਸ ਸੰਘਰਸ਼ ਨੂੰ ਆਜ਼ਾਦੀ ਦੀ ਲੜਾਈ ਦਾ ਨਾਂ ਦੇ ਰਹੇ ਹਨ। ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਦੇਸ਼ ਨੂੰ ਦੋਬਾਰਾ ਵਪਾਰੀਆਂ ਦਾ ਗੁਲਾਮ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਗ਼ਲਤੀ ਕੀਤੀ ਜੋ ਵਿਧਾਨ ਪਾਲਿਕਾਵਾਂ ’ਚ ਵਪਾਰੀਆਂ ਜਾਂ ਵੱਡੇ ਵਪਾਰੀਆਂ ਦੇ ਨੁਮਾਇੰਦਿਆਂ ਨੂੰ ਭੇਜਿਆ ਪਰ ਇਸਦਾ ਮਤਲਬ ਇਹ ਨਹੀਂ ਕਿ ਜੋ ਜੀਅ ਆਇਆ ਕਾਨੂੰਨ ਬਣਾ ਦੇਣ ਤੇ ਦੋਬਾਰਾ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕਬਜ਼ਾ ਕਰ ਲੈਣ।ਇਸ ਮਾਮਲੇ ਸਬੰਧੀ ਐੱਸਡੀਐੱਮ ਨਾਭਾ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਹੀ ਰਿਲਾਇੰਸ ਪੰਪ ਘੇਰੇ ਗਏ ਹਨ ਤੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਦਮ ਚੁੱਕ ਜਾਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune