ਕਿਸਾਨ ਯੂਨੀਅਨ ਨੇ ਨਰਮੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

October 12 2020

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੌੜ ਵੱਲੋਂ ਬੀਤੇ ਦਿਨ ਨਰਮੇ ਦੀ ਸਰਕਾਰੀ ਖ਼ਰੀਦ ਨਾ ਹੋਣ ’ਤੇ ਤਹਿਸੀਲਦਾਰ ਦਾ ਘਿਰਾਓ ਕੀਤਾ ਸੀ, ਜਿਸਦੇ ਚਲਦਿਆਂ ਅੱਜ ਪੁਰਾਣੀ ਅਨਾਜ ਮੰਡੀ ਵਿੱਚ ਨਰਮੇ ਦੀਆਂ ਢੇਰੀਆਂ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਅਤੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਰਮੇ ਦਾ ਸਮਰਥਨ ਮੁੱਲ 5725 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਪਰ ਨਾਲ ਹੀ ਸਰਕਾਰ ਨੇ ਫ਼ਸਲ ਦੀ ਨਮੀ ਦੀਆਂ ਸਖ਼ਤ ਸ਼ਰਤਾਂ ਮੜ ਦਿੱਤੀਆਂ ਹਨ ਜਿਸ ਕਾਰਨ ਸਰਕਾਰ ਵੱਲੋਂ ਨਰਮੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਖੀਰ ਕਿਸਾਨਾਂ ਨੂੰ ਆਪਣਾ ਨਰਮਾ ਪ੍ਰਾਈਵੇਟ ਵਪਾਰੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਘਾਟੇ ਨਾਲ ਵੇਚਣਾ ਪੈ ਰਿਹਾ ਹੈ। ਕੱਲ ਜਦੋਂ ਕਿਸਾਨ ਨਰਮਾ ਵੇਚਣ ਆਏ ਤਾਂ ਸੀਸੀਆਈ ਦੇ ਇੰਸਪੈਕਟਰ ਵੱਲੋਂ ਸਿਰਫ਼ ਇਕ ਢੇਰੀ ਦੀ ਖ਼ਰੀਦ ਕਰਨ ਤੋਂ ਬਾਅਦ ਹੋਰ ਨਰਮਾ ਖ਼ਰੀਦਣ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਆਖਿਆ ਕਿ 9 ਅਕਤੂਬਰ ਨੂੰ ਐੱਸਡੀਐੱਮ ਵੱਲੋਂ ਮੰਡੀ ਵਿੱਚ ਪਿਆ ਸਾਰਾ ਨਰਮਾ ਸਰਕਾਰੀ ਭਾਅ ’ਤੇ ਖ਼ਰੀਦਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਨਰਮੇ ਦੀ ਖ਼ਰੀਦ ਨਾ ਕਰਨ ਤੇ ਕੱਲ੍ਹ ਕਿਸਾਨਾਂ ਵੱਲੋਂ ਨਾਇਬ ਤਹਿਸੀਲਦਾਰ ਦਾ  ਘਿਰਾਓ ਕੀਤਾ ਤਾਂ ਤਹਿਸੀਲਦਾਰ ਅਤੇ ਡੀਐੱਸਪੀ ਮੌੜ ਵੱਲੋਂ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਨੂੰ 15 ਫੀਸਦੀ ਤੱਕ ਨਮੀ ਵਾਲਾ ਨਰਮਾ ਖਰ਼ੀਦਿਆ ਜਾਵੇਗਾ। ਅੱਜ ਕਿਸਾਨ ਜਥੇਬੰਦੀ ਵੱਲੋਂ ਆਪਣੇ ਵਰਕਰਾਂ ਸਮੇਤ ਦਾਣਾ ਮੰਡੀ ਵਿੱਚ ਆ ਕੇ 15 ਪ੍ਰਤੀਸ਼ਤ ਨਮੀ ਵਾਲੇ ਸਾਰੇ ਨਰਮੇ ਦੀ ਖ਼ਰੀਦ ਸ਼ੁਰੂਆਤ ਕਰਵਾ ਦਿੱਤੀ। 

ਖਰੀਦ: ਕਿਸਾਨਾਂ ਦੇ ਚਿਹਰੇ ਖਿੜੇ

ਇੱਥੋਂ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਨਾਲ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ। ਕੇਂਦਰ ਸਰਕਾਰ ਦੇ ਵਿਭਾਗ ਸੀ.ਸੀ.ਆਈ. ਵੱਲੋ ਸ਼ੁਰੂਆਤ ਸਮੇਂ ਹੀ ਨਰਮੇ ਦੀ ਫ਼ਸਲ ਦਾ ਭਾਅ 5496 ਰੁਪਏ ਪ੍ਰਤੀ ਕੁਇੰਟਲ ਤੋ 5725 ਰੁਪਏ ਹੋ ਗਿਆ ਹੈ। ਜਦੋਂ ਕਿ ਇਸ ਤੋ ਪਹਿਲਾਂ ਸਰਕਾਰੀ ਖ਼ਰੀਦ ਏਜੰਸੀ ਮੰਡੀਆਂ ਵਿੱਚ ਨਾ ਆਉਣ ਕਾਰਨ ਇੱਥੇ ਨਰਮੇ ਦੀ ਫ਼ਸਲ 4500 ਤੋ 4600 ਪ੍ਰਤੀ ਕੁਇੰਟਲ ਪ੍ਰਾਈਵੇਟ ਮਿੱਲ ਮਾਲਕ ਖ਼ਰੀਦ ਰਹੇ ਸਨ। ਅੱਜ ਪਹਿਲੇ ਹੱਲੇ ਹੀ ਸੀ.ਸੀ.ਆਈ. ਵੱਲੋਂ 500 ਕੁਇੰਟਲ ਨਰਮੇ ਦੀ ਖ਼ਰੀਦ ਕੀਤੀ ਗਈ। ਮਾਰਕੀਟ ਕਮੇਟੀ ਬੁਢਲਾਡਾ ਦੇ ਸਕੱਤਰ ਮਨਮੋਹਨ ਸਿੰਘ ਫਫੜੇ ਅਤੇ ਆਕਸ਼ਨ ਰਿਕਾਰਡਰ ਕੁਲਦੀਪ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੀ.ਸੀ.ਆਈ. ਵੱਲੋਂ ਨਰਮੇ ਦੀ ਇਹ ਫਸਲ 12 ਪ੍ਰਤੀਸ਼ਤ ਨਮੀ ਤੇ ਖ਼ਰੀਦੀ ਜਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune