ਕਿਸਾਨ ਯੂਨੀਅਨ ਨੇ ਥਾਣੇ ਅੱਗੇ ਧਰਨਾ ਲਾਇਆ

October 05 2020

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਇੱਥੇ ਥਾਣੇ ਅੱਗੇ ਧਰਨਾ ਲਾਇਆ। ਧਰਨਾਕਾਰੀ ਥਾਣੇ ਦੇ ਮੁੱਖ ਮੁਨਸ਼ੀ ’ਤੇ ਦੋਸ਼ ਲਾ ਰਹੇ ਸਨ ਕਿ ਕਿਸੇ ਮਾਮਲੇ ਦੇ ਸਬੰਧ ’ਚ ਥਾਣੇ ਗਏ ਕਿਸਾਨ ਆਗੂ ਸੁਖਪ੍ਰੀਤ ਸਿੰਘ ’ਤੇ ਮੁੱਖ ਮੁਨਸ਼ੀ ਵੱਲੋਂ ਕਥਿਤ ‘ਹੱਥ ਚੁੱਕ’ ਕੇ ਬੇਇੱਜ਼ਤ ਕੀਤਾ ਗਿਆ।

ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਜਨਰਲ ਸਕੱਤਰ ਨੱਥਾ ਸਿੰਘ ਬਰਾੜ ਰੋੜੀਕਪੂਰਾ ਨੇ ਕਿਹਾ ਕਿ ਸੁਖਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਕਿਸੇ ਵਿਅਕਤੀ ਦੇ ਰੱਫੜ ਸਬੰਧੀ ਥਾਣੇ ਗਏ ਸਨ। ਇਸ ਦੌਰਾਨ ਸੁਖਪ੍ਰੀਤ ਸਿੰਘ ਅਤੇ ਮੁੱਖ ਮੁਨਸ਼ੀ ਦਰਮਿਆਨ ਤਲਖ਼ ਮਾਹੌਲ ਪੈਦਾ ਹੋ ਕੇ ਮਾਮਲਾ ਥੱਪੜ-ਮੁੱਕੀ ਤੱਕ ਪਹੁੰਚ ਗਿਆ। ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਕਿਹਾ ਕਿ ਪੁਲੀਸ ਦਾ ਫ਼ਰਜ਼ ਮੁਸ਼ਕਿਲ ’ਚ ਫਸੇ ਲੋਕਾਂ ਦੀ ਮੱਦਦ ਕਰਨੀ ਹੁੰਦਾ ਹੈ ਪਰ ਇਸ ਤਰ੍ਹਾਂ ਦਾ ਵਰਤਾਅ ਉਚਿੱਤ ਨਹੀਂ। ਉਨ੍ਹਾਂ ਪੁਲੀਸ ਨੂੰ ਆਪਣੇ ਵਿਹਾਰ ’ਚ ਤਬਦੀਲੀ ਲਿਆਉਣ ਦੀ ਸਲਾਹ ਦਿੱਤੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਨੰਗਲ ਨੇ ਇਸ ‘ਕਾਰਵਾਈ’ ਨੂੰ ਨਿੰਦਣਯੋਗ ਕਹਿ ਕੇ ਕਰਮਚਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਧਰਨੇ ਨੂੰ ਮਜ਼ਦੂਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਆਦਿ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਕਿਸਾਨਾਂ ਦੇ ਵਫ਼ਦ ਦੀ ਡੀਐਸਪੀ ਜੈਤੋ ਪਰਮਿੰਦਰ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਬਿਕਰਮਜੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਸਥਿਤੀ ਨੂੰ ਸੁਖਾਵੇਂ ਦੌਰ ’ਚ ਅੱਪੜ ਗਈ। ਮੁੱਖ ਮੁਨਸ਼ੀ ਅਕਲਪ੍ਰੀਤ ਸਿੰਘ ਵੱਲੋਂ ਗ਼ਲਤੀ ਦਾ ਅਹਿਸਾਸ ਕਰਨ ’ਤੇ ਸੰਤੁਸ਼ਟ ਹੋਈ ਕਿਸਾਨ ਜਥੇਬੰਦੀ ਨੇ ਧਰਨਾ ਸਮਾਪਤੀ ਦਾ ਐਲਾਨ ਕਰ ਦਿੱਤਾ।

ਧਰਨੇ ’ਚ ਬਸੰਤ ਸਿੰਘ ਮਾਨ, ਮੰਦਰ ਸਿੰਘ ਸਰਾਵਾਂ, ਬਲਵਿੰਦਰ ਸਿੰਘ ਕੋਠੇ ਸਰਾਵਾਂ, ਕੁਲਦੀਪ ਸਿੰਘ ਕੋਠੇ ਸਰਾਵਾਂ, ਜਸਪ੍ਰੀਤ ਸਿੰਘ ਜੈਤੋ, ਭੋਲਾ ਸਿੰਘ ਜੈਤੋ, ਨਛੱਤਰ ਸਿੰਘ ਰਣ ਸਿੰਘ ਵਾਲਾ, ਕੁਲਦੀਪ ਸਿੰਘ ਕੋਠੇ ਸਰਾਵਾਂ, ਰਾਜ ਸਿੰਘ ਕੋਠੇ ਸਰਾਵਾਂ, ਬਹਾਦਰ ਸਿੰਘ ਕੋਠੇ ਹਵਾਨਾ, ਤਾਰਾ ਸਿੰਘ ਰੋੜੀਕਪੂਰਾ, ਬਲਵਿੰਦਰ ਸਿੰਘ ਮੱਤਾ, ਬਲਦੇਵ ਸਿੰਘ ਮੱਤਾ, ਦਿਲਬਾਗ ਸਿੰਘ ਮੱਤਾ, ਸਾਧੂ ਸਿੰਘ ਰੋਮਾਣਾ ਅਤੇ ਜਸਵੀਰ ਸਿੰਘ ਰੋਮਾਣਾ ਆਦਿ ਸ਼ਾਮਿਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune