ਕਿਸਾਨ ਮੋਰਚਿਆਂ ’ਚ ਬੱਚਿਆਂ ਨੇ ਵੀ ਸਟੇਜਾਂ ਸੰਭਾਲੀਆਂ

October 08 2020

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪਾਂ ਬਾਲਦ ਕਲਾਂ ’ਚ ਅੱਜ ਸੱਤਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ। ਅੱਜ ਦੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋਂ ਸ਼ਾਮਲ ਹੋਏ ਛੋਟੇ ਛੋਟੇ ਬੱਚਿਆਂ ਨੇ ਸਟੇਜ ’ਤੇ ਗੀਤ ਤੇ ਭਾਸ਼ਣਾਂ ਨਾਲ ਕਿਸਾਨਾਂ ਵਿੱਚ ਜੋਸ਼ ਭਰ ਦਿੱਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿੱਤ ਟੌਲ ਪਲਾਜਾ ਮਾਝੀ ’ਤੇ ਲਗਾਇਆ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ, ਮੀਤ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਤੇ ਬੁੱਧ ਸਿੰਘ ਬਾਲਦ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਉਠਿਆ ਕਿਸਾਨ ਸੰਘਰਸ਼ ਹੋਰ ਤੇਜ਼ ਹੋ ਰਿਹਾ ਹੈ ਤੇ ਪੰਜਾਬ ਵਿੱਚ ਰੇਲਵੇ ਲਾਈਨਾਂ ਸਮੇਤ ਵੱਡੇ ਘਰਾਣਿਆਂ ਦੇ ਪੈਟਰੋਲ ਪੰਪਾਂ ਵੱਲ ਫੈਲਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸੁਚੇਤ ਕੀਤਾ ਕਿ ਮੋਦੀ ਤੇ ਅਕਾਲੀਆਂ ਦੇ ਘੁਸਪੈਠੀਆਂ ਦੀਆਂ ਸੰਘਰਸ਼ ਨੂੰ ਸਾਬੋਤਾਜ ਕਰਨ ਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਿਸਾਨਾਂ ਦਾ ਭਾਜਪਾ ਆਗੂਆਂ ਖ਼ਿਲਾਫ਼ ਘੋਲ ਹੋਵੇਗਾ ਤਿੱਖਾ

31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸਥਾਨਕ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਸੱਤਵੇਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਰੇਲ ਰੋਕੋ ਅੰਦੋਲਨ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਤੇ ਪੰਜਾਬ ’ਚ ਭਾਜਪਾ ਆਗੂਆਂ ਖ਼ਿਲਾਫ਼ ਸੰਘਰਸ਼ ਤਿੱਖਾ ਕੀਤਾ ਜਾਵੇਗਾ ਤੇ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ, ਸ਼ਾਪਿੰਗ ਮਾਲ ਤੇ ਟੌਲ ਪਲਾਜ਼ਿਆਂ ਦਾ ਘਿਰਾਓ ਵੀ ਜਾਰੀ ਰਹੇਗਾ। ਬਾਕੀ ਬਚਦੇ ਪੰਪਾਂ ਤੇ ਟੌਲ ਪਲਾਜ਼ਿਆਂ ਦਾ ਵੀ ਘਿਰਾਓ ਕੀਤਾ ਜਾਵੇਗਾ। ਕਿਸਾਨ ਅੰਦੋਲਨ ਤਹਿਤ ਚੱਲ ਰਹੇ ਰੋਸ ਧਰਨਿਆਂ ’ਚ ਜ਼ੋਸ਼ ਤੇ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਕਿਸਾਨ ਬੀਬੀਆਂ, ਬਜ਼ੁਰਗ, ਨੌਜ਼ਵਾਨ ਅਤੇ ਬੱਚੇ ਵੱਧ ਚੜ੍ਹ ਕੇ ਧਰਨਿਆਂ ਵਿਚ ਸ਼ਮੂਲੀਅਤ ਕਰ ਰਹੇ ਹਨ। ਅੱਜ ਦੇ ਅੰਦੋਲਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਗਵਾਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭੀਮ ਸਿੰਘ ਆਲਮਪੁਰ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਨਿਰਮਲ ਸਿੰਘ ਬਟੜਿਆਣਾ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਮਿੱਤ ਸਿੰਘ ਜਨਾਲ ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਰਵਣ ਸਿੰਘ ਨਵਾਂ ਗਾਓ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਨਮੋਲ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੂਬਾ ਸਕੱਤਰ ਹਰਦੇਵ ਸਿੰਘ ਦਰੋਗੇਵਾਲ ਤੇ ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਖੇਤਰ ’ਚ ਖੁੱਲ੍ਹਾ ਦਾਖਲਾ ਦਿੱਤਾ ਹੈ ਉੱਥੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਤਿਆਰ ਕਰਵਾਈ ਆਲੂਵਾਲੀਆ ਕਮੇਟੀ ਦੀ ਰਿਪੋਰਟ ਵਿੱਚ ਵੀ ਖੇਤੀ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਬੇਰੋਕ ਦਾਖਲਾ, ਖੇਤੀਯੋਗ ਜ਼ਮੀਨਾਂ ਦੀ ਗੈਰ-ਖੇਤੀ ਕੰਮਾਂ ਲਈ ਵਰਤੋਂ ’ਚ ਛੋਟ ਤੇ ਬਿਜਲੀ ਸਮੇਤ ਹੋਰ ਖੇਤੀ ਸਬਸਿਡੀਆਂ ਘਟਾਉਣ ਦੀ ਗੱਲ ਕੀਤੀ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune