ਕਿਸਾਨ ਭਲਾਈ ਕੈਂਪ: ਝੋਨੇ ਦੀ ਸਿੱਧੀ ਬਿਜਾਈ ’ਤੇ ਜ਼ੋਰ ਦਿੱਤਾ

August 09 2019

ਤਹਿਸੀਲ ਦੇ ਪਿੰਡ ਦੇਨੋਵਾਲ ਖੁਰਦ ਵਿਚ ਖੇਤੀਬਾੜੀ ਅਫ਼ਸਰ ਡਾ. ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ ਵਲੋਂ ਜਲ ਸ਼ਕਤੀ ਅਭਿਆਨ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

ਇਸ ਮੌਕੇ ਖੇਤੀਬਾੜੀ ਅਧਿਕਾਰੀਆਂ ਨੇ ਪਾਣੀ ਦੀ ਸਾਂਭ ਸੰਭਾਲ ਅਤੇ ਫਸਲਾਂ ਦੀ ਦੇਖ ਭਾਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸੁਭਾਸ਼ ਚੰਦਰ ਨੇ ਕਿਹਾ ਕਿ ਜ਼ਮੀਨਦੋਜ਼ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾ ਡਿੱਗਦਾ ਜਾ ਰਿਹਾ ਹੈ ਜਿਸ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੁੰ ਝੋਨੇ ਦੀ ਰਵਾਇਤੀ ਬੀਜਾਈ ਹੇਠਾਂ ਤੋਂ ਰਕਬਾ ਘਟਾ ਕੇ ਝੋਨੇ ਦੀ ਸਿੱਧੀ ਬੀਜਾਈ, ਝੋਨੇ ਦੀ ਵੱਟਾਂ ’ਤੇ ਮੱਕੀ ਤੇ ਦਾਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆ ਕਿਸਮਾਂ ਦੀ ਕਾਸ਼ਤ ਕਰਨ, ਖੇਤ ਵਿੱਚ ਕਿਆਰੇ ਬਣਾ ਕੇ ਪਾਣੀ ਲਗਾਉਣ ਦੀ ਸਿਫ਼ਾਰਿਸ਼ ਕੀਤੀ ਅਤੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਸਬੰਧੀ ਨੁਕਤੇ ਵੀ ਸਾਂਝੇ ਕੀਤੇ।

ਬਲਾਕ ਟੈਕਨਾਲੋਜੀ ਮੈਨੇਜਰ (ਆਤਮਾ) ਕੁਲਵਿੰਦਰ ਸਾਹਨੀ ਨੇ ਕਿਸਾਨਾਂ ਨੂੰ ਸਾਉਣੀ ਦੀਆ ਫ਼ਸਲਾਂ ਵਿੱਚ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਲੋੜ ਅਨੁਸਾਰ ਵਰਤੋਂ ਲਈ ਪ੍ਰੇਰਿਤ ਕੀਤਾ ਅਤ ਕੀੜੇਮਾਰ ਦਵਾਈਆਂ ਦੀ ਪੀਏਯੂ ਲੁਧਿਆਣਾ ਵਲੋਂ ਨਿਰਧਾਰਿਤ ਇਕਨੌਮਿਕ ਥਰੈਸ਼ਹੋਲਡ ਲੈਵਲ ਦੇ ਆਧਾਰ ’ਤੇ ਹੀ ਵਰਤੋ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਬਹਾਦਰ ਸਿੰਘ ਖੇਤੀ ਉਪ ਨਿਰੀਖਕ, ਬਲਰਾਜ ਕੁਮਾਰ ਸਹਾਇਕ ਟੈਕਨੌਲੋਜੀ ਮੈਨੇਜਰ(ਆਤਮਾ), ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ, ਸੁੱਚਾ ਸਿੰਘ, ਜੁਗਿੰਦਰ ਸਿੰਘ ਆਦਿ ਸਮੇਤ ਇਲਾਕੇ ਦੇ ਕਿਸਾਨ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ