ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅਡਾਨੀ ਅਨਾਜ ਭੰਡਾਰ ਤੇ ਰੇਲਵੇ ਸਟੇਸ਼ਨ ’ਤੇ ਅਤੇ ਟੌਲ ਪਲਾਜ਼ਿਆਂ ਤੇ ਰਿਲਾਇੰਸ ਪੈਟਰੋਲ ਪੰਪਾਂ ਉੱਤੇ ਦਿਨ ਰਾਤ ਦਾ ਪੱਕਾ ਧਰਨਾ ਮਾਰਿਆ ਹੋਇਆ ਹੈ। ਸੂਬਾ ਭਰ ਵਿੱਚ 25 ਅਕਤੂਬਰ ਨੂੰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣੇ ਹਨ। ਸੂਬੇ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਵਿੱਚ ਕਿਸਾਨ ਬੀਬੀਆਂ ਨੇ ਝੰਡਾ ਚੁੱਕ ਲਿਆ ਹੈ। ਬੀਬੀਆਂ ਦਾ ਆਖਣਾ ਹੈ,‘ਅਸੀ ਘਰਾਂ ਵਿੱਚ ਬੈਠ ਕੇ ਕੀ ਕਰਨਾ ਹੈ। ਜੇਕਰ ਸਾਡੀ ਖੇਤੀ ਨਾ ਰਹੀ, ਨਾ ਕਿਸਾਨੀ ਬਚੀ ਤੇ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਹੋ ਜਾਣਗੇ।’
ਇੱਥੇ ਅਡਾਨੀ ਆਧੁਨਿਕ ਤਕਨੀਕ ਅਨਾਜ ਭੰਡਾਰ ਅੱਗੇ ਕਿਸਾਨੇ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਆਗੂ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ ਤੇ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਸਾਡੇ ਕਿਸਾਨਾਂ ਨੂੰ ਗ਼ੁਲਾਮ ਬਣਾਉਣਗੇ। ਇਸ ਮੌਕੇ ‘ਜ਼ਮੀਨ ਬਚਾਓ ਮੋਰਚੇ’ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇੱਥੇ ਰੇਲਵੇ ਸਟੇਸ਼ਨ ਉੱਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੋਲਾ ਹੋਣ ਦੇ ਬਾਵਜੂਦ ਬਿਜਲੀ ਦੇ ਕੱਟ ਲਗਾਉਣੇ ਸੂਬਾ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਦਾ ਸਬੂਤ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ( ਡਕੌਂਦਾ) ਵੱਲੋਂ ਵੱਖ-ਵੱਖ ਥਾਵਾਂ ਉੱਪਰ ਦਿੱਤੇ ਧਰਨਿਆਂ ਵਿੱਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਦਸਵੀਂ ਬਰਸੀ ਮਨਾਈ ਗਈ। ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਅੱਜ ਤੋਂ ਦਸ ਸਾਲ ਪਹਿਲਾਂ ਜ਼ਮੀਨ ਬਚਾਓ ਮੋਰਚੇ ਵਿੱਚ ਗਰੀਬ ਕਿਸਾਨ ਦੀ ਕੁਰਕ ਹੁੰਦੀ ਜ਼ਮੀਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਕਾਲੇ ਕਾਨੂੰਨਾਂ ਨੂੰ, ਜਿੰਨਾ ਸਮਾਂ ਰੱਦ ਨਹੀਂ ਕਰਵਾ ਲੈਂਦੇ ਸੰਘਰਸ਼ ਜਾਰੀ ਰਹੇਗਾ।
ਮੋਦੀ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲਈ ਸਥਾਨਕ ਰੇਲਵੇ ਸਟੇਸ਼ਨ ‘ਤੇ ਡਟੇ ਕਿਸਾਨਾਂ ਨੇ 11ਵੇਂ ਦਿਨ ਜ਼ਮੀਨ ਬਚਾਓ ਸੰਘਰਸ਼ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਕਿਯੂ (ਡਕੌਂਦਾ) ਦੇ ਦਰਸ਼ਨ ਸਿੰਘ ਉਗੋਕੇ ਤੇ ਹਰਮੰਗਲ ਸਿਘ ਜੋਧਪੁਰ, ਭਾਕਿਯੂ (ਰਾਜੇਵਾਲ) ਦੇ ਨਿਰਭੈ ਸਿੰਘ ਛੀਨੀਵਾਲ ਤੇ ਸਾਧੂ ਸਿੰਘ, ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ ਤੇ ਜਗਪਾਲ ਸਿੰਘ ਕਲਾਲਮਾਜਰਾ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ ਤੇ ਮੋਹਨ ਸਿੰਘ ਰੂੜੇਕੇ, ਕੁੱਲ ਹਿੰਦ ਕਿਸਾਨ ਸਭਾ ਦੇ ਮਾ. ਨਿਰੰਜਣ ਸਿੰਘ ਤੇ ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਸਿੰਘ ਬੀਹਲਾ ਆਦਿ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਹਕੂਮਤਾਂ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਮੰਚ ਸੰਚਾਲਨ ਆਗੂ ਗੁਰਦੇਵ ਸਿੰਘ ਮਾਂਗੇਵਾਲ ਨੇ ਕੀਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune