ਔਰਤਾਂ ਨੇ ਕਿਸਾਨ ਸੰਘਰਸ਼ ਦੀ ਕਮਾਨ ਸੰਭਾਲੀ

October 05 2020

ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਹਫਤਿਆਂ ਤੋਂ, ਰੇਲ ਰੋਕੋ, ਸੜਕੀ ਜਾਮ, ਕਾਰਪੋਰੇਟ ਅਦਾਰਿਆਂ ਅੰਬਾਨੀ, ਅੰਦਾਨੀ ਤੇ ਟੋਲ ਪਲਾਜਾ, ਮਾਲ ਰਿਲਾਇੰਸ ਪੈਟਰੋਲ ਪੰਪਾਂ ਦੇ ਅੱਗੇ ਧਰਨੇ ਚਲਾਏ ਸੰਘਰਸ਼ਾਂ ’ਚ ਔਰਤਾਂ ਨੇ ਘਰਾਂ ਵਿੱਚ ਕੰਮ ਕਰਨ ਦੀ ਬਜਾਏ ਨਿੱਤਰ ਕੇ ਧਰਨਿਆਂ ਦੀ ਕਮਾਂਡ ਸੰਭਾਲ ਲਈ ਹੈ। ਔਰਤਾਂ ਨੇ ਲਹਿਰਾਗਾਗਾ ਦੇ ਰਿਲਾਇੰਸ ਪੈਟਰੋਲ ਪੰਪ ਅਤੇ ਛਾਜਲੀ ’ਚ ਕਾਰਪੋਰੇਟ ਘਰਾਣਿਆਂ ਦੇ ਸੀਲੋ ਗੁਦਾਮ ਅੱਗੇ ਤਿੰਨ ਦਿਨ ਤੋਂ ਲਗਾਤਾਰ ਚੱਲ ਰਹੇ ਧਰਨੇ ਦੀ ਕਮਾਂਡ ਸੰਭਾਲ ਲਈ ਹੈ। ਇਸ ਮੌਕੇ ਔਰਤਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਹਪੂਰਨ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜਥੇਬੰਦੀ ਦੀਆਂ ਇਕਾਈ ਪ੍ਰਧਾਨਾਂ ਨੇ ਲਹਿਰਾਗਾਗਾ ਵਿੱਚ ਜਸਵੀਰ ਕੌਰ ਪਾਪੜਾ, ਲੀਲਾ ਕੌੌਰ ਭੁਟਾਲ ਖੁਰਦ, ਗੁਰਮੇਲ ਕੌਰ ਕੋਟੜਾ, ਮਨਜੀਤ ਕੌਰ ਢੀਂਡਸਾ, ਬੰਤ ਕੌਰ ਘੋੜੇਨਬ ਅਤੇ ਸੁਖਵਿੰਦਰ ਕੌਰ ਭੁਟਾਲ ਕਲਾਂ, ਪਿੰਡ ਛਾਜਲੀ ’ਚ ਧਰਨੇ ਨੂੰ ਕੁਲਦੀਪ ਕੌਰ ਛਾਜਲੀ, ਗਗਨਦੀਪ ਕੌਰ ਭਾਈ ਕੀ ਪਿਸ਼ੌਰ ਤੇ ਜ਼ਿਲ੍ਹਾ ਆਗੂ ਦਰਬਾਰਾ ਸਿੰਘ ਛਾਜਲਾ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਘਰਾਂ ’ਚ ਬੈਠਣ ਦੀ ਬਜਾਏ ਖੇਤੀ ਵਿਰੋਧੀ ਕਾਨੂੰਨ ਖ਼ਿਲਾਫ਼ ਕਿਸਾਨਾਂ ਨਾਲ ਮੋਢਾ ਲਾਕੇ ਸੰਘਰਸ਼ ਕਰਨ ਲਈ ਵਚਣਬੱਧ ਹਨ। ਉਨ੍ਹਾਂ ਕਿਹਾ ਕਿ ਔਰਤਾਂ ਮਾਤਾ ਗੁਜਰੀ, ਝਾਂਸੀ ਦੀ ਰਾਣੀ ਅਤੇ ਦੇਸ਼ ਦੀ ਆਜ਼ਾਦੀ ’ਚ ਲੜਨ ਵਾਲੀਆਂ ਔਰਤਾਂ ਵਾਂਗ ਉਹ ਵੀ ਖੇਤੀ ਅਤੇ ਕਿਸਾਨ ਬਚਾਉਣ ਲਈ ਮੈਦਾਨ-ਏ- ਜੰਗ ’ਚ ਉੱਤਰੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਲਾਇਆ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋੋਂ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਸ਼ਰ੍ਹੇਆਮ ਧੱਕਾ ਕੀਤੀ ਹੈ। ਉਨ੍ਹਾਂ ਯੂਪੀ ’ਚ ਦਲਿਤ ਲੜਕੀ ਦੇ ਬਲਾਤਕਾਰ/ਪ੍ਰਸ਼ਾਸਨ ਵੱਲੋਂ ਘਰ ਦਿਆ ਦੀ ਬਿਨ੍ਹਾਂ ਇਜਾਜ਼ਤ ਸਾੜਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਖੇਤੀ ਵਿਰੋਧੀ ਕਾਨੂੰਨ ਖਤਮ ਕਰਨ ਤੱਕ ਇਹ ਸੰਘਰਸ਼ ਹਰ ਹੀਲੇ ਜਾਰੀ ਰੱਖਿਆ ਜਾਵੇਗਾ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) 31 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਖ਼ਿਲਾਫ਼ ਦਿੱਤੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿੱਤ ਟੌਲ ਪਲਾਜ਼ਾ ਮਾਝੀ ਤੇ ਤਿੰਨ ਦਿਨਾਂ ਤੋਂ ਧਰਨਾ ਜਾਰੀ ਰਿਹਾ। ਇਸ ਮੌਕੇ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਖ਼ਿਲਾਫ਼ ਉਠਿਆ ਰੋਹ ਹਰ ਰੋਜ਼ ਤੇਜ਼ ਹੋ ਰਿਹਾ ਹੈ ਤੇ ਪੰਜਾਬ ਅੰਦਰ ਰੇਲਵੇ ਲਾਈਨਾਂ ਸਮੇਤ ਵੱਡੇ ਘਰਾਣਿਆਂ ਦੇ ਪੈਟਰੋਲ ਪੰਪਾਂ ਵੱਲ ਫੈਲਦਾ ਜਾ ਰਿਹਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune