ਹੜ੍ਹ ਨਾਲ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

July 22 2019

ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਆਏ ਹੜ੍ਹਾਂ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਸ ਨਾਲ ਲੋਕਾਂ ਦਾ ਰਸੋਈ ਦਾ ਖਰਚਾ ਵਧ ਗਿਆ ਹੈ।  ਮੀਂਹ ਤੋਂ ਪਹਿਲਾਂ ਬੇਕਦਰੀ ਦਾ ਸ਼ਿਕਾਰ ਹੋਏ ਘੀਆ-ਕੱਦੂ ਦੀ ਹੜ੍ਹਾਂ ਨੇ ਕਿਸਮਤ ਖੋਲ੍ਹ ਦਿੱਤੀ ਹੈ। ਘੀਆ-ਕੱਦੂ ਨੇ 5 ਰੁਪਏ ਪ੍ਰਤੀ ਕਿਲੋ ਤੋਂ 30 ਰੁਪਏ ਪ੍ਰਤੀ ਕਿਲੋ ਦੀ ਛਾਲ ਮਾਰੀ ਹੈ। ਘੀਆ-ਕੱਦੂ ਤੋਂ ਵੀ ਹੇਠਾਂ ਡਿੱਗਿਆ ਪੇਠਾ ਆਪਣੇ ਪੈਰਾਂ ‘ਤੇ ਖਲ੍ਹੋ ਗਿਆ ਹੈ। 2 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਪੇਠਾ ਹੜ੍ਹਾਂ ਕਾਰਨ 20 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਤਰ੍ਹਾਂ ਕਰੇਲੇ, ਭਿੰਡੀ, ਗੋਭੀ, ਮਟਰ ਅਤੇ ਬੈਗਨ ਦੀ ਕੀਮਤ ਨੇ 3-4 ਗੁਣਾਂ ਵੱਧ ਛਾਲ ਮਾਰੀ ਹੈ। ਵਰਖਾ ਸ਼ੁਰੂ ਹੋਣ ਤੋਂ ਪਹਿਲਾਂ 15-20 ਰੁਪਏ ਕਿਲੋ ਵਿਕਣ ਵਾਲਾ ਕਰੇਲਾ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਗੋਭੀ 30-40, ਬੈਂਗਣ 20-25, ਮਟਰ 50-60 ਅਤੇ ਭਿੰਡੀ 30-40 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਹੜ੍ਹਾਂ ਦੀ ਲਪੇਟ ਵਿਚ ਆਉਣ ਕਾਰਨ ਵੱਖ-ਵੱਖ ਸਬਜ਼ੀਆਂ ਨਸ਼ਟ ਹੋ ਗਈਆਂ ਹਨ। ਇਸ ਨਾਲ ਮੰਡੀਆਂ ਵਿਚ ਸਬਜ਼ੀਆਂ ਦੀ ਆਮਦ ਘੱਟ ਹੋ ਰਹੀ ਹੈ। ਹਰ ਸਮੇਂ ਰਸੋਈ ਦਾ ਸ਼ਿਗਾਰ ਬਣਨ ਵਾਲਾ ਆਲੂ-ਪਿਆਜ਼ ਮੰਡੀ ਵਿਚ ਘੱਟ ਆ ਰਿਹਾ ਹੈ। ਮੰਗ ਅਤੇ ਅਪੂਰਤੀ ਵਿਚ ਵੱਡਾ ਅੰਤਰ ਆਉਣ ਕਾਰਨ ਸਬਜ਼ੀਆਂ ਦੀ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ। ਲਗਾਤਾਰ ਮੀਂਹ ਪੈਣ ਕਾਰਨ ਸਬਜ਼ੀਆਂ ਦੀ ਗੁਣਵੰਤਾ ਵਿਚ ਵੀ ਕਮੀ ਆਈ ਹੈ।  ਅਗਲੇ ਦਿਨਾਂ ਵਿਚ ਵੀ ਸਬਜ਼ੀਆਂ ਦੇ ਭਾਅ ਵਿਚ ਤੇਜ਼ੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਸਰਦੀਆਂ ਦੀਆਂ ਸਬਜ਼ੀਆਂ ਦੀ ਆਮਦ ਵਿਚ ਲੰਮਾਂ ਸਮਾਂ ਪਿਆ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਜਾਂ ਤਾਂ ਹੜ੍ਹਾਂ ਨਾਲ ਨਸ਼ਟ ਹੋ ਗਈਆਂ ਹਨ ਜਾਂ ਫਿਰ ਨੇੜੇ ਲੱਗ ਗਈਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅੱਜ ਦੀ ਆਵਾਜ਼