ਰਾਜਸਥਾਨ ਤੋਂ ਹਰਿਆਣਾ ਵਿੱਚ ਟਿੱਡੀ ਦਲ ਦੇ ਮੁੜ ਦਾਖਲ ਹੋਣ ਤੋਂ ਬਾਅਦ ਦੂਜੇ ਦਿਨ ਵੀ ਮਾਲਵਾ ਖੇਤਰ ਦੇ ਮਾਨਸਾ, ਬਠਿੰਡਾ, ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਟਿੱਡੀ ਹਮਲੇ ਦਾ ਖ਼ਤਰਾ ਬਰਕਰਾਰ ਹੈ। ਬੇਸ਼ੱਕ ਪੰਜਾਬ ਦੇ ਖੇਤੀ ਮਹਿਕਮੇ ਨੇ ਕਿਸਾਨਾਂ ਨੂੰ ਇਸ ਸਬੰਧੀ ਸੁਚੇਤ ਕਰ ਦਿੱਤਾ ਗਿਆ ਹੈ ਪਰ ਖੇਤੀ ਮਾਹਿਰ ਹਵਾ ਦੀ ਦਿਸ਼ਾ ਮਾਲਵੇ ਵਾਲੇ ਪਾਸੇ ਨਾ ਹੋਣ ਤੋਂ ਸਥਿਤੀ ਨੂੰ ਫਿਲਹਾਲ ਖਤਰੇ ਤੋਂ ਬਾਹਰ ਦੱਸ ਰਹੇ ਹਨ। ਉਂਝ ਮਹਿਕਮੇ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਹਮਲੇ ਦਾ ਟਾਕਰਾ ਕਰਨ ਲਈ ਸਪਰੇਅ ਵਾਲੇ ਢੋਲ ਤਿਆਰ ਰੱਖਣ ਦਾ ਸੱਦਾ ਦਿੱਤਾ ਗਿਆ ਹੈ, ਜਦੋਂ ਕਿ ਇਲਾਕੇ ਵਿਚਲੇ ਫਾਇਰ ਬਿਗ੍ਰੇਡ ਨੂੰ ਵੀ ਆਲਰਟ ਕਰ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਹਰਿਆਣਾ ਵਿੱਚ ਅਜਿਹਾ ਹਮਲਾ ਪਿੰਡ ਕੁਤੀਆਣਾ, ਜਮਾਲ, ਢਾਣੀ ਸੇਵਾ ਸਿੰਘ ਵਿੱਚ ਹੋਣ ਦੀ ਸਰਕਾਰੀ ਤੌਰ ਤੇ ਪੁਸ਼ਟੀ ਹੋਣ ਤੋਂ ਮਗਰੋਂ ਉਨ੍ਹਾਂ ਨੇ ਇਸ ਜ਼ਿਲ੍ਹੇ ਵਿੱਚ ਮਹਿਕਮੇ ਵੱਲੋਂ ਹਰ ਤਰ੍ਹਾਂ ਦੇ ਬੰਦੋਬਸਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਸਾ ਜ਼ਿਲ੍ਹੇ ਵਿੱਚ ਰਾਜਸਥਾਨ ਵਾਲੇ ਪਾਸਿਓ ਹੋਇਆ ਹੈ ਅਤੇ ਸਿਰਸਾ ਨਾਲ ਮਾਨਸਾ ਜ਼ਿਲ੍ਹੇ ਦੀ ਹੱਦ ਲੱਗਦੀ ਹੋਣ ਕਾਰਨ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਵਾ ਰੁੱਖ ਦੱਖਣ ਵਾਲੇ ਪਾਸਿਓ ਚੱਲਦਾ ਹੈ ਤਾਂ ਅਜਿਹਾ ਹਮਲਾ ਮਾਨਸਾ ਜ਼ਿਲ੍ਹੇ ਦੀ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡਾਂ ਵਿੱਚ ਹੋਣ ਦੀ ਉਮੀਦ ਜਿਤਾਈ ਜਾ ਸਕਦੀ ਹੈ ਪਰ ਹਵਾ ਦੀ ਰੁੱਖ ਬਿਲਕੁਲ ਉਲਟ ਦਿਸ਼ਾ ਵਾਲਾ ਹੋਣ ਕਾਰਨ ਅਜੇ ਤੱਕ ਕੋਈ ਸੰਭਾਵਨਾ ਨਹੀਂ ਹੈ। ਖੇਤੀ ਅਧਿਕਾਰੀ ਦਾ ਕਹਿਣਾ ਹੈ ਕਿ ਹਰਿਆਣਾ ਖੇਤੀਬਾੜੀ ਵਿਭਾਗ ਦੇ ਸਿਰਸਾ ਸਥਿਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਬਾਬੂ ਲਾਲ ਨਾਲ ਵਿਭਾਗ ਦਾ ਲਗਾਤਾਰ ਤਾਲਮੇਲ ਬਣਿਆ ਹੋਇਆ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune