ਸੰਗਰੂਰ ’ਚ ਸਾਲਾਨਾ 6 ਟਨ ਪ੍ਰਤੀ ਹੈਕਟੇਅਰ ਮੱਛੀ ਦਾ ਹੋ ਰਿਹਾ ਹੈ ਉਤਪਾਦਨ

July 11 2019

ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਤੇ ਵਾਰਡਨ ਡਾ. ਮਦਨ ਮੋਹਨ ਨੇ ਰਾਸ਼ਟਰੀ ਮੱਛੀ ਪਾਲਣ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚ ਸਾਲਾਨਾ 6 ਟਨ ਪ੍ਰਤੀ ਹੈਕਟੇਅਰ ਮੱਛੀ ਦਾ ਉਤਪਾਦਨ ਕੀਤਾ ਜਾਂਦਾ ਹੈ ਜੋ ਕਿ ਇੱਥੋਂ ਦੇ ਕਿਸਾਨਾਂ ਦੇ ਸਹਾਇਕ ਧੰਦਿਆਂ ਰਾਹੀਂ ਵਿੱਤੀ ਮਜ਼ਬੂਤੀ ਦਾ ਆਧਾਰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਮੱਛੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਜਿਸਨੂੰ ਹਰ ਕਿਸਾਨ ਬੜੀ ਅਸਾਨੀ ਨਾਲ ਅਪਣਾ ਸਕਦਾ ਹੈ।

ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਪਹੁੰਚੇ ਵਿਗਿਆਨੀ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਸੂਰ ਪਾਲਣ ਦੇ ਧੰਦੇ ਨੁੰ ਮੱਛੀ ਪਾਲਣ ਦੇ ਨਾਲ ਸੰਯੁਕਤ ਤੌਰ ’ਤੇ ਅਪਣਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਰਾਕੇਸ਼ ਕੁਮਾਰ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਣ ਵਿਕਾਸ ਏਜੰਸੀ ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅੰਦਰ 2296 ਏਕੜ ਵਿੱਚ ਮੱਛੀ ਪਾਲਣ ਦਾ ਕਿੱਤਾ ਕੀਤਾ ਜਾ ਰਿਹਾ ਹੈ। ਚਰਨਜੀਤ ਸਿੰਘ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਜਿਲ੍ਹੇ ਵਿੱਚ 350 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਜਾਵੇਗਾ, ਜਿਸ ਨਾਲ ਬੇਰੁਜਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਮੱਛੀ ਪਾਲਕਾਂ ਨੂੰ ਇੱਕ ਲੱਖ 30 ਹਜ਼ਾਰ ਮੱਛੀ ਪੂੰਗ ਵੀ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਚਰਨਜੀਤ ਕੌਰ ਮੱਛੀ ਪ੍ਰਸਾਰ ਅਫਸਰ, ਡਾ. ਜਸਬੀਰ ਸਿੰਘ ਢੀਂਡਸਾ ਫਾਰਮ ਸੁਪਰਡੈਂਟ, ਹਰਵਿੰਦਰ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ, ਜਸ਼ਨਦੀਪ ਕੌਰ ਮੱਛੀ ਪਾਲਣ ਅਫਸਰ, ਹਰਮਨਪ੍ਰੀਤ ਕੌਰ ਮੱਛੀ ਪਾਲਣ ਅਫਸਰ ਵੀ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ