ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਨੇ ਕਿਸਾਨ ਫਿਕਰਾਂ ਵਿੱਚ ਪਾਏ

January 13 2022

ਹਲਕੇ ਵਿਚ ਪਏ ਲਗਾਤਾਰ ਮੀਂਹ ਕਾਰਨ ਕਿਸਨਾਂ ਦੇ ਨੀਵਿਆਂ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਰਕੇ ਪਸ਼ੂਆਂ ਦਾ ਚਾਰਾ ਤੇ ਸਬਜ਼ੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਖੇਤਾਂ ’ਚ ਪਾਣੀ ਬਾਹਰ ਕੱਢਣ ਦੇ ਆਹਰ ਵਿੱਚ ਰੁਝੇ ਹੋਏ ਹਨ। ਕਈ ਥਾਵਾਂ ’ਤੇ ਫਸਲਾਂ ਡੁੱਬਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਭਾਕਿਯੂ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਪਹਿਲਾਂ ਤੋਂ ਹੀ ਕਰਜੇ ਦੀ ਦਲਦਲ ਵਿੱਚ ਫਸੀ ਕਿਸਾਨੀ ਨੂੰ ਕੁਦਰਤ ਦੀ ਮਾਰ ਕਰ ਕੇ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਖੇਤਾਂ ’ਚ ਭਰਿਆ ਪਾਣੀ ਕੱਢਣ ਲਈ ਉਨ੍ਹਾਂ ਨੂੰ ਵਾਧੂ ਮਾਤਰਾ ਵਿੱਚ ਡੀਜ਼ਲ ਆਦਿ ਦੀ ਵਰਤੋਂ ਕਰਨੀ ਪਵੇਗੀ। ਬੈਂਸ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਪੈਸ਼ਲ ਗਿਰਦਾਵਰੀ ਕਰਵਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਕ ਪਾਸੇ ਜਿਥੇ ਮੀਂਹ ਨੂੰ ਲਾਹੇਵੰਦ ਦੱਸਆ ਜਾ ਰਿਹਾ ਹੈ, ਉਥੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਨਾਲ ਫ਼ਸਲਾਂ ਖਰਾਬ ਹੋਣ ਦਾ ਡਰ ਬਣ ਗਿਆ ਹੈ।

ਕਿਸਾਨਾਂ ਵੱਲੋਂ ਆਲੂ ਦੀ ਫ਼ਸਲ ਨਾਜ਼ੁਕ ਹੋਣ ਕਾਰਨ ਮੀਂਹ ਦੇ ਪਾਣੀ ਨਾਲ ਨੁਕਸਾਨ ਹੋਣ ਦਾ ਖਦਸ਼ਾ ਦੱਸਿਆ ਜਾ ਰਿਹਾ ਹੈ। ਮਜ਼ਦੂਰ ਵਰਗ ਦੀ ਵੀ ਚਿੰਤਾ ਵੱਧ ਗਈ ਹੈ ਕਿਉਂਕਿ ਮੀਂਹ ਕਰਕੇ ਉਨ੍ਹਾਂ ਦੇ ਕੰਮ ਕਾਰ ਵੀ ਠੱਪ ਹੋ ਗਏ ਹਨ। ਸ਼ਹਿਰੀ ਖੇਤਰ ਵਿੱਚ ਵੀ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਸਬਜ਼ੀਆਂ ਆਲੂ, ਮਟਰ ਤੇ ਟਮਾਟਰ ਆਦਿ ਫਸਲਾਂ ਨੁਕਸਾਨੀਆਂ ਜਾ ਰਹੀਆਂ ਹਨ। ਅੱਜ ਵੀ ਬਦਲਵਾਈ ਬਣੀ ਹੋਈ ਹੈ ਪਰ ਮੀਂਹ ਤੋਂ ਬਚਾਅ ਰਿਹਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune