ਵੇਰਕਾ ਨੇ ਪਸ਼ੂ ਖ਼ੁਰਾਕ ਦੇ ਭਾਅ 100 ਰੁਪਏ ਪ੍ਰਤੀ ਕੁਇੰਟਲ ਤਕ ਘਟਾਏ

July 07 2020

ਕੋਵਿਡ-19 ਮਹਾਂਮਾਰੀ ਅਤੇ ਕਰਫ਼ਿਊ/ ਲਾਕਡਾਊਨ ਦੇ ਚਲਦਿਆਂ ਡੇਅਰੀ ਉਦਯੋਗ ਉਤੇ ਪਏ ਮਾੜੇ ਪ੍ਰਭਾਵਾਂ ਦੇ ਚਲਦਿਆਂ ਵੇਰਕਾ ਨੇ ਇਕ ਵਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਿਆਂ ਪਿਛਲੇ ਦੋ ਮਹੀਨਿਆਂ ਵਿਚ ਦੂਜੀ ਪਾਰ ਪਸ਼ੂ ਖ਼ੁਰਾਕ ਦੇ ਭਾਅ ਘਟਾਉਣ ਦਾ ਫ਼ੈਸਲਾ ਕੀਤਾ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖ਼ੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿਤਾ ਹੈ।

ਇਸ ਕਦਮ ਨਾਲ ਦੁਧ ਉਤਪਾਦਕਾਂ ਨੂੰ ਰੋਜ਼ਾਨਾ ਕਰੀਬ 3 ਲੱਖ ਰੁਪਏ ਦਾ ਵਿੱਤੀ ਫ਼ਾਇਦਾ ਹੋਵੇਗਾ।  ਸ. ਰੰਧਾਵਾ ਨੇ ਦਸਿਆ ਕਿ ਵੇਰਕਾ ਵਲੋਂ ਸਿਧੇ ਤੌਰ ਤੇ ਦਾਣਾ ਮੰਡੀਆਂ ਵਿਚੋਂ ਮੱਕੀ ਦੀ ਖ਼ਰੀਦ ਸ਼ੁਰੂ ਕੀਤੀ ਹੈ। ਵੇਰਕਾ ਵਲੋਂ ਮੰਡੀ ਵਿਚ ਜਾ ਕੇ ਸਿੱਧੀ ਖ਼ਰੀਦ ਕਰਨ ਨਾਲ ਜਿਥੇ ਵੇਰਕਾ ਨੂੰ ਵਧੀਆ ਕੁਆਲਟੀ ਦੀ ਮੱਕੀ ਪ੍ਰਾਪਤ ਹੋਈ ਹੈ ਉਥੇ ਕਿਸਾਨਾਂ ਨੂੰ ਵੀ ਪੈਦਾਵਾਰ ਦੇ ਵਾਜਬ ਰੇਟ ਮਿਲਣੇ ਸ਼ੁਰੂ ਹੋ ਗਏ ਹਨ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਸ਼ੂ ਖੁਰਾਕ ਦੇ ਭਾਅ ਵਿਚ ਕਟੌਤੀ ਕਾਰਨ ਖ਼ੁਰਾਕ ਦੀ ਕੁਆਲਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਕਾਇਮ ਰਹਿੰਦੀ ਹੈ।  ਰੰਧਾਵਾ ਨੇ ਕਿਹਾ ਕਿ ਦੁਧ ਉਤਪਾਦਕ ਵੇਰਕਾ ਦੀ ਤਰੱਕੀ ਦਾ ਮੁੱਖ ਆਧਾਰ ਹਨ ਅਤੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਉਦਯੋਗ ਹੀ ਸਭ ਤੋਂ ਵਧੀਆ ਪ੍ਰਫੁੱਲਿਤ ਹੋਇਆ ਹੈ।

ਉਨ੍ਹਾਂ ਦੁਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਵਿਡ ਕਾਰਨ ਸਰਕਾਰੀ ਮਾਲੀਏ ਵਿਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਦਾ ਪੂਰਾ ਧਿਆਨ ਰਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦਾ ਪੂਰਾ ਧਿਆਨ ਰੱਖੇਗੀ।

-ਸੁਖਜਿੰਦਰ ਸਿੰਘ ਰੰਧਾਵਾ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman