ਲਾਹੇਵੰਦ ਸਾਬਤ ਹੋ ਰਿਹੈ ਸਰਕਾਰੀ ਮੱਛੀ ਪੂੰਗ ਫਾਰਮ

August 01 2019

ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ’ਚੋਂ ਕੱਢ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਿਚ ਮੱਛੀ ਪਾਲਣ ਦਾ ਧੰਦਾ ਬੇਹੱਦ ਲਾਹੇਵੰਦ ਹੈ। ਜ਼ਿਲ੍ਹੇ ਦੇ ਪਿੰਡ ਬਾਗੜੀਆਂ ਸਥਿਤ ਸਰਕਾਰੀ ਮੱਛੀ ਪੂੰਗ ਫਾਰਮ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾ ਕੇ ਕਿਸਾਨਾਂ ਤੇ ਮੱਛੀ ਪਾਲਕਾਂ ਲਈ ਸਹਾਈ ਸਿੱਧ ਹੋ ਰਿਹਾ ਹੈ।

ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ, ਫਤਹਿਗੜ੍ਹ ਸਾਹਿਬ ਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦਾ 1300 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ’ਚ ਸਭ ਤੋਂ ਅਹਿਮ ਭੂਮਿਕਾ ਮਿਆਰੀ ਸੀਡ (ਮੱਛੀ ਪੂੰਗ) ਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਫਾਰਮ ਦੀ ਸਥਾਪਨਾ ਨੈਸ਼ਨਲ ਫਿਸ਼ ਸੀਡ ਫਾਰਮ ਵਜੋਂ ਕੀਤੀ ਗਈ ਸੀ, ਜਿਸ ਦਾ ਰਕਬਾ 32 ਏਕੜ ਵਿੱਚ ਫੈਲਿਆ ਹੋਇਆ ਹੈ ਤੇ ਇਸ ਫਾਰਮ ਨੂੰ ਪੰਜਾਬ ਦੇ ਸਭ ਤੋਂ ਵੱਡੇ ਮੱਛੀ ਪੂੰਗ ਫਾਰਮ ਦਾ ਦਰਜਾ ਹਾਸਲ ਹੈ।

ਇਸ ਫਾਰਮ ’ਚ ਮੁੱਖ ਤੌਰ ’ਤੇ ਰੋਹੂ, ਕਤਲਾ, ਮੁਰਾਖ, ਸਿਲਵਰ ਕਾਰਪ, ਗਰਾਸ ਕਾਰਪ ਅਤੇ ਕਾਮਨ ਕਾਰਪ ਨੂੰ ਬ੍ਰੀਡ ਕਰਵਾ ਕੇ ਪੂੰਗ ਉਤਪਾਦਨ ਕੀਤਾ ਜਾਂਦਾ ਹੈ। ਫਰਵਰੀ-ਮਾਰਚ ਵਿਚ ਕਾਮਨ ਕਾਰਪ, ਅਪ੍ਰੈਲ-ਮਈ ਵਿਚ ਗਰਾਸ ਕਾਰਪ ਤੇ ਸਿਲਵਰ ਕਾਰਪ, ਜੂਨ-ਜੁਲਾਈ ਵਿਚ ਰੋਹੂ, ਮੁਰਾਖ ਤੇ ਕਤਲਾ ਬ੍ਰੀਡ ਕਰਵਾਈ ਜਾਂਦੀ ਹੈ। ਹਰ ਸਾਲ ਫਰਵਰੀ ਤੋਂ ਲੈ ਕੇ ਅਗਸਤ ਮਹੀਨੇ ਤੱਕ ਮੱਛੀ ਪਾਲਕਾਂ ਨੂੰ 100 ਰੁਪਏ ਪ੍ਰਤੀ 1000 ਦੇ ਹਿਸਾਬ ਨਾਲ ਸਸਤੇ ਰੇਟਾਂ ’ਤੇ ਪੂੰਗ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਸ ਫਾਰਮ ਦੀ ਉਤਪਾਦਨ ਸਮਰੱਥਾ ਲਗਭਗ 1 ਕਰੋੜ ਹੈ। ਇਸ ਫਾਰਮ ’ਤੇ ਹਰ ਮਹੀਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ, ਕਿਸਾਨਾਂ ਅਤੇ ਮੱਛੀ ਪਾਲਣ ਦਾ ਕਿੱਤਾ ਅਪਨਾਉਣ ਦੇ ਇਛੁੱਕਾਂ ਨੂੰ ਮੱਛੀ ਪਾਲਣ ਦੀ ਮੁੱਢਲੀ ਪੰਜ ਦਿਨਾਂ ਦੀ ਟਰੇਨਿੰਗ ਮੁਫ਼ਤ ਕਰਵਾਈ ਜਾਂਦੀ ਹੈ। ਇਸ ਦੇ ਨਾਲ ਨਾਲ ਵੱਖ ਵੱਖ ਸਕੀਮਾਂ ਤਹਿਤ ਮੱਛੀ ਪਾਲਣ ਲਈ ਲੋਨ ਅਤੇ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ