ਤੰਦਰੁਸਤ ਸਰੀਰ ’ਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ’ਚ ਭੋਜਨ ਦੀ ਅਹਿਮ ਭੂਮਿਕਾ ਹੈ। ਸੰਪੂਰਨ ਭੋਜਨ ਦੀ ਸ਼੍ਰੇਣੀ ’ਚ ਜੀਵਾਂ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਨੂੰ ਉੱਚ ਦਰਜੇ ਦਾ ਮੰਨਿਆ ਜਾਂਦਾ ਹੈ ਤੇ ਇਸ ਸ਼੍ਰੇਣੀ ’ਚ ਮੱਛੀ ਨੂੰ ਵਿਸ਼ੇਸ਼ ਸਥਾਨ ਹਾਸਲ ਹੈ। ਦੁਨੀਆ ਭਰ ’ਚ ਮਨੁੱਖੀ ਖ਼ੁਰਾਕ ਵਜੋਂ ਵਰਤੇ ਜਾ ਰਹੇ ਪਸ਼ੂ ਪ੍ਰੋਟੀਨ ਦਾ ਤਕਰੀਬਨ 17 ਫ਼ੀਸਦੀ ਹਿੱਸਾ ਮੱਛੀ ਤੇ ਹੋਰ ਜਲ ਜੀਵਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਵੇਲੇ ਦੁਨੀਆ ’ਚ ਪ੍ਰਤੀ ਜੀਅ/ਪ੍ਰਤੀ ਸਾਲ ਮੱਛੀ ਦੀ ਖਪਤ ਔਸਤ 20 ਕਿੱਲੋ ਹੈ ਜਦਕਿ ਭਾਰਤ ’ਚ ਔਸਤਨ 55 ਫ਼ੀਸਦੀ ਮੱਛੀ/ਜਲ ਜੀਵਾਂ ਨੂੰ ਸੇਵਨ ਕਰਨ ਵਾਲੀ ਆਬਾਦੀ ਕਾਰਨ ਇਹ ਖਪਤ ਸਿਰਫ਼ 9 ਕਿੱਲੋ ਹੈ। ਭਾਰਤ ਦਾ ਦੱਖਣੀ-ਪੂਰਬੀ ਰਾਜ ਤਿ੍ਰਪੁਰਾ ਪ੍ਰਤੀ ਵਿਅਕਤੀ ਖਪਤ (29 ਕਿੱਲੋ) ਦੇ ਮਾਮਲੇ ’ਚ ਸਭ ਤੋਂ ਉੱਪਰ ਹੈ ਜਦਕਿ ਅੰਡੇਮਾਨ- ਨਿਕੋਬਾਰ ਤੇ ਲਕਸ਼ਦੀਪ ਵਰਗੇ ਟਾਪੂਆਂ ’ਚ ਸਥਾਨਕ ਵਸਨੀਕਾਂ ਦੁਆਰਾ ਰੋਜ਼ਾਨਾ ਪੱਧਰ ’ਤੇ ਮੱਛੀ/ਜਲ ਜੀਵਾਂ ਦਾ ਸੇਵਨ ਕਰਨ ਕਰਕੇ ਇਹ ਹਿੱਸੇਦਾਰੀ 50 ਕਿੱਲੋ ਤੋਂ ਵੀ ਵੱਧ ਹੈ। ਇਨ੍ਹਾਂ ਅੰਕੜਿਆਂ ਤੋਂ ਮੱਛੀ/ਜਲ ਜੀਵਾਂ ਦੀ ਮਨੁੱਖੀ ਖ਼ੁਰਾਕ ਤੇ ਪੋਸ਼ਣ ਸੁਰੱਖਿਆ ’ਚ ਮਹੱਤਤਾ ਤਾਂ ਸਾਫ਼ ਦੇਖੀ ਜਾ ਸਕਦੀ ਹੈ ਪਰ ਭਾਰਤ ’ਚ ਪ੍ਰਤੀ ਵਿਅਕਤੀ ਖਪਤ ਨੂੰ ਵਧਾਉਣ ਦੀ ਲੋੜ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਮੱਛੀ ਦਾ ਮਾਸ ਮਨੁੱਖੀ ਸਰੀਰ ਦੇ ਵਾਧੇ ਵਿਕਾਸ ਲਈ ਕਈ ਤਰ੍ਹਾਂ ਦੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ’ਚ ਪ੍ਰੋਟੀਨ ਦਾ ਸਥਾਨ ਪਹਿਲੇ ਨੰਬਰ ’ਤੇ ਹੈ। ਬਾਕੀ ਭੋਜਨਾਂ ਦੇ ਮੁਕਾਬਲੇ ਮੱਛੀ ਦੇ ਮਾਸ’ਚ ਛੇਤੀ ਹਜ਼ਮ ਹੋਣ ਵਾਲੇ ਜ਼ਰੂਰੀ ਅਮੀਨੋ ਐਸਿਡਾਂ ਨਾਲ ਭਰਪੂਰ ਪ੍ਰੋਟੀਨ ਦੀ ਮਾਤਰਾ (15-25 ਫ਼ੀਸਦੀ) ਤੇ ਕੁਆਲਿਟੀ ਹੋਰ ਜੀਵ ਮਾਸ, ਮੁਰਗੇ, ਬੱਕਰੇ ਤੇ ਸੂਰ ਦੇ ਮੀਟ ਦੇ ਮੁਕਾਬਲੇ ਉੱਤਮ ਹੈ। ਇਨ੍ਹਾਂ ਸਾਰੀਆਂ ਖ਼ੂਬੀਆਂ ਕਾਰਨ ਮੱਛੀ ਪ੍ਰੋਟੀਨ ਨੂੰ ਮਾਂ ਦੇ ਦੁੱਧ ਤੋਂ ਬਾਅਦ ਪੂਰਨ ਭੋਜਨ ਵਜੋਂ ਦੂਜਾ ਸਥਾਨ ਹਾਸਲ ਹੈ। ਪ੍ਰੋਟੀਨ ਤੋਂ ਇਲਾਵਾ ਸਰੀਰ ਦੇ ਸੰਪੂਰਨ ਵਿਕਾਸ ਲਈ ਭੋਜਨ ’ਚ ਵਧੀਆ ਕੁਆਲਟੀ ਦੀ ਚਰਬੀ ਦਾ ਲੋੜੀਂਦੀ ਮਾਤਰਾ ’ਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਦੇ ਵਾਧੇ ਤੇ ਸਰੀਰਕ ਕਿਰਿਆਵਾਂ ਲਈ ਊਰਜਾ ਦਾ ਪ੍ਰਮੁੱਖ ਸਰੋਤ ਹੈ। ਮੱਛੀ ਦੇ ਮਾਸ ’ਚ ਪਾਈ ਜਾਣ ਵਾਲੀ ਚਰਬੀ (1-30 ਫ਼ੀਸਦੀ, ਮੱਛੀ ਦੀ ਕਿਸਮ ਦੇ ਆਧਾਰ ’ਤੇ) ਦੀ ਵਿਸ਼ੇਸ਼ਤਾ ਇਸ ’ਚ ਪਾਏ ਜਾਣ ਵਾਲੇੇ ਪੌਲੀ-ਅਨਸੈਚੁਰੇਟਿਡ ਫੈਟੀ ਐਸਿਡ ਹਨ, ਜਿਸ ’ਚ ਮੁੱਖ ਤੌਰ ’ਤੇ ਈਪੀਏ ਤੇ ਡੀਐੱਚਏ ਵਰਗੇ ਓਮੇਗਾ-3 ਫੈਟੀ ਐਸਿਡ ਸ਼ਾਮਲ ਹਨ। ਈਪੀਏ ਤੇ ਡੀਐੱਚਏ ਦਾ ਮਨੁੱਖੀ ਸਿਹਤ ਨੂੰ ਸਹੀ ਰੱਖਣ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ’ਚ ਕਾਫ਼ੀ ਯੋਗਦਾਨ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਨੁੱਖੀ ਸਰੀਰ ਇਸ ਸ਼੍ਰੇਣੀ ਦੇ ਪੌਲੀ-ਅਨਸੈਚੁਰੇਟਿਡ ਫੈਟੀ ਐਸਿਡ ਨੂੰ ਆਪਣੇ ਆਪ ਬਣਾਉਣ ’ਚ ਅਸਮਰੱਥ ਹੈ। ਇਸ ਲਈ ਈਪੀਏ ਤੇ ਡੀਐੱਚਏ ਦੀ ਲੋੜ ਨੂੰ ਪੂਰਾ ਕਰਨ ਲਈ ਮੱਛੀ ਨੂੰ ਆਪਣੇ ਭੋਜਨ ’ਚ ਸ਼ਾਮਲ ਕਰਨਾ ਸੁਖਾਲਾ ਢੰਗ ਹੈ। ਪ੍ਰੋਟੀਨ ਤੇ ਚਰਬੀ ਤੋਂ ਇਲਾਵਾ ਮੱਛੀ ਮਨੁੱਖ ਦੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਵਿਟਾਮਿਨਾਂ (ਏ, ਬੀ 2, ਡੀ, ਈ) ਅਤੇ ਖਣਿਜਾਂ (ਕੈਲਸ਼ੀਅਮ, ਫਾਸਫੋਰਸ, ਆਇਓਡੀਨ, ਆਇਰਨ ਆਦਿ) ਦਾ ਵੀ ਭਰਪੂਰ ਸਰੋਤ ਹੈ। ਹੋਰ ਪਸ਼ੂ ਮੀਟ ਦੇ ਮੁਕਾਬਲੇ ਮੱਛੀ ਦੇ ਮਾਸ ’ਚ ਰੇਸ਼ੇ (ਫਾਈਬਰ) ਦੀ ਮਾਤਰਾ ਬਹੁਤ ਘੱਟ (3-5 ਫ਼ੀਸਦੀ) ਹੁੰਦੀ ਹੈ, ਜਿਸ ਕਾਰਨ ਮੱਛੀ ਦਾ ਮਾਸ ਛੇਤੀ ਹਜ਼ਮ ਤਾਂ ਹੁੰਦਾ ਹੀ ਹੈ ਪਰ ਇਸ ਨੂੰ ਪਕਾਉਣ ’ਚ ਸਮਾਂ ਵੀ ਘੱਟ ਲੱਗਦਾ ਹੈ। ਉਕਤ ਗੁਣਾਂ ਕਾਰਨ ਮੱਛੀ ਮਨੁੱਖ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਦੀ ਹੈ। ਮੱਛੀ ਦੇ ਮਾਸ ਤੇ ਤੇਲ ’ਚ ਮੌਜੂਦ ਅਮੀਨੋ ਐਸਿਡ ਤੇ ਓਮੇਗਾ-3 ਪੌਲੀ-ਅਨਸੇਚੁਰੇਟਿਡ ਫੈਟੀ ਐਸਿਡ ਖ਼ੂਨ ਤੇ ਖ਼ੂਨ ਦੀਆਂ ਨਾੜੀਆਂ ’ਚ ਕੋਲੈਸਟਰੋਲ ਤੇ ਹੋਰ ਕਿਸਮਾਂ ਦੀ ਚਰਬੀ ਨੂੰ ਇਕੱਠਾ ਨਹੀ ਹੋਣ ਦਿੰਦੇ, ਜਿਸ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਕਈ ਖੋਜਾਂ ਦੇ ਨਤੀਜਿਆਂ ਅਨੁਸਾਰ ਮੱਛੀ ਖਾਣ ਵਾਲੇ ਲੋਕਾਂ ’ਚ ਹੋਰ ਮਾਸ ਖਾਣ ਵਾਲੇ ਲੋਕਾਂ ਦੇ ਮੁਕਾਬਲੇ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 50 ਫ਼ੀਸਦੀ ਤਕ ਘੱਟ ਦਰਜ ਕੀਤੀ ਗਈ ਹੈ। ਮਾਂ ਦੇ ਗਰਭ ’ਚ ਪਲ ਰਹੇ ਬੱਚੇ, ਨਵਜੰਮੇ ਬੱਚੇ ਤੇ ਵਧ ਰਹੇ ਬੱਚਿਆਂ ਦੇ ਪੂਰਨ ਦਿਮਾਗ਼ੀ ਵਿਕਾਸ ਲਈ ਮੱਛੀ ਬਹੁਤ ਹੀ ਲਾਭਕਾਰੀ ਭੋਜਨ ਹੈ।
ਅਜੋਕੇ ਸਮੇਂ ਦੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਜ਼ਿੰਦਗੀ ’ਚ ਬੜੇ ਸੌਖੇ ਤਰੀਕਿਆਂ ਨਾਲ ਮੱਛੀ ਨੂੰ ਆਪਣੀ ਖ਼ੁਰਾਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ’ਚ ਪਕਾਉਣ ਤੇ ਖਾਣ ਲਈ ਤਿਆਰ ਵੈਲਯੂ ਐਡਿਡ ਪਦਾਰਥ (ਫਿਸ਼ ਬਾਲ, ਨਗੇਟ, ਕਟਲੇਟ, ਸੋਸੇਜ ਆਦਿ) ਤੇ ਮੱਛੀ ਪ੍ਰੋਟੀਨ ਤੋਂ ਤਿਆਰ ਕੀਤੇ ਕਈ ਤਰ੍ਹਾਂ ਦੇ ਕਾਰਜ਼ਸ਼ੀਲ/ਸਿਹਤ ਭੋਜਨ- (ਮੱਛੀ ਪ੍ਰੋਟੀਨ ਯੁਕਤ ਬਿਸਕੁਟ, ਪਾਸਤਾ, ਸੂਪ ਆਦਿ) ਸ਼ਾਮਲ ਹਨ। ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਦਾ ਫਿਸ਼ ਪ੍ਰੋਸੈਸਿੰਗ ਟੈਕਨੋਲੋਜੀ ਵਿਭਾਗ ਮੱਛੀ (ਕਾਰਪ ਤੇ ਪੰਗਾਸ) ਤੇ ਝੀਂਗੇ ਤੋਂ ਕਈ ਤਰ੍ਹਾਂ ਦੇ ਵੈਲਯੂ ਐਡਿਡ ਪਦਾਰਥ ਅਤੇ ਹੈਲਥ ਫੂਡ ਤਿਆਰ ਕਰਨ ’ਚ ਕਾਰਜਸ਼ੀਲ ਹੋਣ ਦੇ ਨਾਲ ਹੀ ਚਾਹਵਾਨ ਉੱਦਮੀਆਂ ਨੂੰ ਵਿਸਤਾਰ ’ਚ ਜਾਣਕਾਰੀ ਤੇ ਸਿਖਲਾਈ ਵੀ ਮੁਹੱਈਆ ਕਰਵਾ ਰਿਹਾ ਹੈ। ਪੰਜਾਬ ’ਚ ਮੱਛੀ ਦੀ ਪ੍ਰਤੀ ਵਿਅਕਤੀ ਖਪਤ ਵਧਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ।
ਵਧਾਈ ਜਾਵੇ ਮੱਛੀ ਦੀ ਖਪਤ
ਖੇਤੀਬਾੜੀ ਦੇ ਨਾਲ- ਨਾਲ ਪੰਜਾਬ ਮੱਛੀ ਪਾਲਣ ਖੇਤਰ ’ਚ ਬੜੀ ਤੇਜ਼ੀ ਨਾਲ ਤਰੱਕੀ ਕਰਦਿਆਂ ਅੱਜ ਤਕਰੀਬਨ 1.5 ਲੱਖ ਟਨ ਸਾਲਾਨਾ ਮੱਛੀ ਪੈਦਾ ਕਰ ਰਿਹਾ ਹੈ, ਜਿਸ ’ਚ ਮੁੱਖ ਹਿੱਸੇਦਾਰੀ ਤਾਜ਼ੇ ਪਾਣੀ ਦੀਆਂ ਕਾਰਪ ਮੱਛੀਆਂ (ਕੰਡੇ ਵਾਲੀਆਂ) ਦੀ ਹੈ ਪਰ ਪਿਛਲੇ 5-7 ਸਾਲਾਂ ਤੋਂ ਕਾਰਪ ਮੱਛੀਆਂ ਤੋਂ ਇਲਾਵਾ ਪੰਜਾਬ ’ਚ ਹੁਣ ਉੱਚ ਕੁਆਲਿਟੀ ਵਾਲੀਆਂ ਪ੍ਰਜਾਤੀਆਂ (ਤਾਜ਼ੇ ਪਾਣੀ ਦੀ ਕੰਡਾ ਰਹਿਤ ਪੰਗਾਸ ਮੱਛੀ ਤੇ ਖਾਰੇ ਪਾਣੀ ਦਾ ਝੀਂਗਾ) ਦੀ ਪੈਦਾਵਾਰ ਵੀ ਬੜੀ ਤੇਜ਼ੀ ਨਾਲ ਅਪਣਾਈ ਜਾ ਰਹੀ ਹੈ। ਮੌਜੂਦਾ ਸਥਿਤੀ ਅਨੁਸਾਰ ਤੇ ਮੁਹੱਈਆ ਵਸੀਲਿਆਂ ਦੀ ਸਹੀ ਵਰਤੋਂ ਕਰ ਕੇ ਪੰਜਾਬ ਆਪਣੀ ਪੈਦਾਵਾਰ ਨੂੰ ਦੁੱਗਣਾ ਕਰਨ ਦੀ ਸਮਰੱਥਾ ਰੱਖਦਾ ਹੈ। ਇਨ੍ਹਾਂ ਸਾਰੀਆਂ ਸੰਭਾਵਨਾਵਾਂ ਦੇ ਹੁੰਦੇ ਹੋਏ ਵੀ ਪੰਜਾਬ ’ਚ ਪ੍ਰਤੀ ਵਿਅਕਤੀ ਖਪਤ ਦਾ 1 ਫ਼ੀਸਦੀ ਤੋਂ ਵੀ ਘੱਟ (0.4 ਫ਼ੀਸਦੀ) ਹੋਣਾ ਬੜੀ ਨਿਰਾਸ਼ਾਜਨਕ ਸਥਿਤੀ ਦਰਸਾਉਂਦਾ ਹੈ। ਸੋ ਇਸ ਸਥਿਤੀ ਨੂੰ ਸੁਧਾਰਨ ਲਈ ਉਤਪਾਦਨ ਦੇ ਨਾਲ-ਨਾਲ ਮੱਛੀ ਦੀ ਖਪਤ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਥਾਨਕ ਲੋਕ ਮੱਛੀ ਤੇ ਹੋਰ ਜਲ ਜੀਵਾਂ ਨੂੰ ਖਾਣ ਦੇ ਫ਼ਾਇਦਿਆਂ ਬਾਰੇ ਜਾਗਰੂਕ ਹੋ ਕੇ ਇਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਭੋਜਨ ’ਚ ਸ਼ਾਮਲ ਕਰਨ- ਡਾ. ਵਨੀਤ ਇੰਦਰ ਕੌਰ
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Jagran