ਪੰਜਾਬ ਚ ਮੌਨਸੂਨ ਆਉਣ ਦੇ 11 ਦਿਨ ਬਾਅਦ ਬਾਰਿਸ਼ ਰੰਗ ਦਿਖਾਉਣ ਲੱਗੀ ਹੈ। ਮਾਲਵਾ ਖੇਤਰ ਚ ਸੋਮਵਾਰ ਦੇਰ ਰਾਤ ਹੋਈ ਬਾਰਿਸ਼ ਨੇ ਕਈ ਰਿਕਾਰਡ ਤੋੜ ਦਿੱਤੇ। ਬਠਿੰਡਾ ਚ 30 ਸਾਲ ਪਿੱਛੋਂ ਸਭ ਤੋਂ ਜ਼ਿਆਦਾ 178 ਐੱਮਐੱਮ ਬਾਰਿਸ਼ ਹੋਈ। 9 ਸਤੰਬਰ, 1988 ਨੂੰ 130 ਐੈੱਮਐੱਮ ਬਾਰਿਸ਼ ਹੋਈ ਸੀ। ਬਠਿੰਡਾ ਦੇ ਨਾਲ ਲੱਗਦੇ ਮੁਕਤਸਰ ਚ ਵੀ 172 ਐੱਮਐੱਮ ਬਾਰਿਸ਼ ਨਾਲ ਆਮ ਜੀਵਨ ਠੱਪ ਹੋ ਗਿਆ ਹੈ। ਪੂਰਾ ਦਿਨ ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਭਰੇ ਰਹੇ ਜਿਸ ਕਾਰਨ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਪਿਆ। ਪਟਿਆਲਾ ਚ 89.4 ਐੱਮਐੱਮ ਬਾਰਿਸ਼ ਕਾਰਨ ਪਿੰਡਾਂ ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਥੇ ਕਈ ਪਿੰਡਾਂ ਚ ਪਾਣੀ ਚਾਰ ਤੋਂ ਪੰਜ ਫੁੱਟ ਤਕ ਭਰ ਜਾਣ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਹੈ। ਲੁਧਿਆਣਾ ਵਿਚ ਵੀ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਇਲਾਵਾ ਫਿਰੋਜ਼ਪੁਰ ਚ 75 ਐੱਮਐੱਮ, ਫਰੀਦਕੋਟ ਚ 56.6, ਬਰਨਾਲਾ ਚ 30, ਸੰਗਰੂਰ ਚ 56 ਅਤੇ ਮਾਨਸਾ ਵਿਚ 72 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।
ਮਾਝਾ ਇਲਾਕੇ ਤਹਿਤ ਅੰਮ੍ਰਿਤਸਰ ਚ 24.3 ਐੱਮਐੱਮ ਅਤੇ ਪਠਾਨਕੋਟ ਚ 43.8 ਐੱਮਐੱਮ ਬਾਰਿਸ਼ ਦਰਜ ਕੀਤੀ ਗਈ, ਜਲੰਧਰ ਚ 14 ਐੱਮਐੱਮ ਬਾਰਿਸ਼ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਇਸ ਜ਼ੋਰਦਾਰ ਬਾਰਿਸ਼ ਕਾਰਨ ਮੰਗਲਵਾਰ ਨੂੰ ਪੂਰੇ ਸੂਬੇ ਵਿਚ ਪਾਰਾ 30 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਕਾਰਡ ਕੀਤਾ ਗਿਆ। ਉੱਧਰ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਖੇਤਾਂ ਵਿਚ ਪਾਣੀ ਨਾ ਲਗਾਉਣ ਅਤੇ ਖੇਤਾਂ ਵਿਚ ਪਾਣੀ ਵੀ ਜਮ੍ਹਾਂ ਨਾ ਹੋਣ ਦੇਣ। ਮੌਸਮ ਵਿਭਾਗ ਮੁਤਾਬਕ ਆਉਂਦੇ 48 ਘੰਟੇ ਤਕ ਬਰਸਾਤ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਹੋਈ ਬਾਰਿਸ਼
ਅੰਮ੍ਰਿਤਸਰ 27.8 ਡਿਗਰੀ
ਬਠਿੰਡਾ 28.5
ਫਿਰੋਜ਼ਪੁਰ 28.9
ਜਲੰਧਰ 28.8
ਲੁਧਿਆਣਾ 28.4
ਪਠਾਨਕੋਟ 30.1
ਪਟਿਆਲਾ 27.4 ਡਿਗਰੀ
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ