ਮੀਂਹ ਪੈਣ ਨਾਲ ਲੋਕਾਂ ਨੂੰ ਸਮੋਗ ਤੋਂ ਮਿਲੀ ਵੱਡੀ ਰਾਹਤ

November 08 2019

ਬੀਤੀ ਰਾਤ ਤੋਂ ਸਵੇਰ ਕਰੀਬ 11 ਵਜੇ ਤਕ ਮੀਂਹ ਪੈਣ ਨਾਲ ਲੋਕਾਂ ਨੂੰ ਸਮੋਗ ਤੋਂ ਰਾਹਤ ਮਿਲ ਗਈ ਹੈ ਅਤੇ ਮੌਸਮ ਸਾਫ ਹੋਣ ਨਾਲ ਸੁਹਾਵਣਾ ਹੋ ਗਿਆ। ਉਥੇ ਹੀ ਠੰਢ ਵੀ ਵੱਧ ਗਈ ਹੈ ਅਤੇ ਲੋਕਾਂ ਨੂੰ ਸੁੱਕੀ ਠੰਢ ਤੋਂ ਵੀ ਰਾਹਤ ਮਿਲੀ ਹੈ। ਜਿਸ ਨਾਲ ਲੋਕਾਂ ਦਾ ਖੰਘ, ਬੁਖਾਰ, ਸਮੋਗ ਕਾਰਨ ਸਾਹ ਰੋਗ ਦੀਆਂ ਬਿਮਾਰੀਆਂ ਦੀ ਲਪੇਟ ਚ ਆਉਣ ਤੋਂ ਬਚਾਅ ਹੋ ਗਿਆ ਹੈ। ਵੀਰਵਾਰ ਰਾਤ ਕਰੀਬ 12 ਵਜੇ ਰੋਪੜ ਇਲਾਕੇ ਚ ਮੀਂਹ ਸ਼ੁਰੂ ਹੋਇਆ ਅਤੇ ਸਵੇਰੇ 11 ਵਜੇ ਤਕ ਝੜੀ ਲੱਗੀ ਰਹੀ। ਜਿਸ ਨਾਲ ਆਸਮਾਨ ਚ ਛਾਈ ਸਮੋਗ ਪੂਰੀ ਤਰ੍ਹਾਂ ਹਟ ਗਈ ਅਤੇ ਮੌਸਮ ਪੂਰੀ ਤਰ੍ਹਾਂ ਸਾਫ ਹੋ ਗਿਆ। ਮੌਸਮ ਵਿਭਾਗ ਵੱਲੋਂ ਦੋ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕਰਨ ਨਾਲ ਖੇਤੀਬਾੜੀ ਵਿਭਾਗ ਤੇ ਪ੍ਰਸ਼ਾਸਨ ਨੂੰ ਵੀ ਰਾਹਤ ਮਿਲੀ ਹੈ । ਰੋਪੜ ਜ਼ਿਲ੍ਹੇ ਚ ਪਰਾਲੀ ਸਾੜਨ ਦੇ ਆਏ ਦਿਨ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਆਸਮਾਨ ਚ ਧੰੂਆਂ ਛਾ ਜਾਣ ਨਾਲ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਰਹੀ ਸੀ ਅਤੇ ਸੜਕ ਹਾਦਸੇ ਹੋਣ ਦਾ ਵੀ ਡਰ ਬਣਿਆ ਹੋਇਆ ਸੀ।

ਮੀਂਹ ਪੈਣ ਨਾਲ ਲੋਕਾਂ ਨੂੰ ਬੀਮਾਰੀਆਂ ਤੋਂ ਰਾਹਤ ਮਿਲੇਗੀ- ਡਾ.ਸ਼ਰਮਾ

ਸਿਵਲ ਹਸਪਤਾਲ ਰੋਪੜ ਦੇ ਸਿਵਲ ਸਰਜਨ ਡਾ.ਐੱਚਐੱਨ ਸ਼ਰਮਾ ਨੇ ਕਿਹਾ ਕਿ ਮੀਂਹ ਪੈਣ ਨਾਲ ਵੱਡੀ ਰਾਹਤ ਮਿਲੀ ਹੈ ਅਤੇ ਸਮੋਗ ਨਾਲ ਲੋਕਾਂ ਦੀ ਸਿਹਤ ਨੂੰ ਦਿੱਕਤਾਂ ਆ ਰਹੀਆਂ ਸਨ। ਡਾ.ਸ਼ਰਮਾ ਨੇ ਕਿਹਾ ਕਿ ਸਮੋਗ ਕਾਰਨ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਵੱਡੀ ਦਿੱਕਤ ਆ ਰਹੀ ਸੀ ਹੁਣ ਮੀਂਹ ਪੈਣ ਨਾਲ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਮੋਗ ਤੋਂ ਇਲਾਵਾ ਮੀਂਹ ਪੈਣ ਨਾਲ ਸੁੱਕੀ ਠੰਢ ਪੈਣ ਨਾਲ ਵੀ ਲੋਕਾਂ ਨੂੰ ਖੰਘ, ਬੁਖਾਰ ਤੋਂ ਵੀ ਰਾਹਤ ਮਿਲੇਗੀ।

ਕਿਸਾਨ ਭਰਾ ਪਰਾਲੀ ਨੂੰ ਫੂਕਣ ਤੋਂ ਗੁਰੇਜ਼ ਕਰਨ- ਖੇਤੀਬਾੜੀ ਅਫਸਰ

ਖੇਤੀਬਾੜੀ ਵਿਕਾਸ ਅਫਸਰ ਡਾ.ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਰਾਲ਼ੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਇਕ ਤਾਂ ਖੇਤ ਦੀ ਜ਼ਮੀਨ ਚ ਮਿੱਤਰ ਕੀੜੇ ਮਰ ਜਾਂਦੇ ਹਨ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਸਮੋਗ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਅਤੇ ਸਮੋਗ ਕਾਰਨ ਲੋਕਾਂ ਦੀ ਸਿਹਤ ਖ਼ਰਾਬ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਅਤੇ ਖੇਤ ਚ ਹੀ ਖਤਮ ਕਰਨ ਦੀ ਤਕਨੀਕ ਅਪਣਾਉਣੀ ਚਾਹੀਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ