ਸੋਸ਼ਲ ਮੀਡੀਆ ’ਤੇ ਝੋਨੇ ਵਿੱਚ ਖੜ੍ਹੇ ਮੀਂਹ ਦੇ ਪਾਣੀ ਨੂੰ ਸਿੱਧਾ ਬੋਰਵੈੱਲ ਰਾਹੀਂ ਧਰਤੀ ਹੇਠਾਂ ਭੇਜਣ ਦੀਆਂ ਵੀਡੀਓਜ਼ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਨੋਟਿਸ ਲਿਆ ਹੈ। ਹੁਣ ਪੀਏਯੂ ਦੇ ਮਾਹਿਰਾਂ ਨੇ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਯੂ-ਟਿਊਬ ਚੈਨਲ ਰਾਹੀਂ ਜਾਣਕਾਰੀ ਭਰਪੂਰ ਵੀਡੀਓਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਮਾਹਿਰਾਂ ਨੇ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਸੁੱਟਣ ਦੀਆਂ ਢੁਕਵੀਆਂ ਤਕਨੀਕਾਂ ਸਬੰਧੀ ਜਾਗਰੂਕ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜੇ ਇਸ ਪਾਣੀ ਨੂੰ ਸਿੱਧੇ ਬੋਰ ਰਾਹੀਂ ਧਰਤੀ ਹੇਠਲੇ ਸਾਫ਼ ਪਾਣੀ ਨਾਲ ਮਿਲਾ ਦਿੱਤਾ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੀ ਸ਼ੁੱਧਤਾ ਦੇ ਪ੍ਰਭਾਵਿਤ ਹੋਣ ਦੇ ਮੌਕੇ ਵਧ ਜਾਂਦੇ ਹਨ। ਇਹ ਰਸਾਇਣ ਮਨੁੱਖਾਂ ਤੇ ਜਾਨਵਰਾਂ ਵਿਚ ਕੈਂਸਰ, ਚਮੜੀ ਤੇ ਦਿਮਾਗੀ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਡਾ. ਸਿੰਘ ਨੇ ਕਿਹਾ ਕਿ ਪਾਣੀ ਨੂੰ ਰੀਚਾਰਜ ਕਰਨਾ ਜ਼ਰੂਰੀ ਹੈ, ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਵਾਧਾ ਕੀਤਾ ਜਾ ਸਕਦਾ ਹੈ ਪਰ ਅਜਿਹਾ ਪਹਿਲਾਂ ਤੋਂ ਹੀ ਧਰਤੀ ਹੇਠ ਮੌਜੂਦ ਸ਼ੁੱਧ ਪਾਣੀ ਨੂੰ ਦੂਸ਼ਿਤ ਕਰਨ ਦੀ ਕੀਮਤ ’ਤੇ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਪੀਏਯੂ ਦੇ ਭੂਮੀ ਤੇ ਪਾਣੀ ਇੰਜਨੀਅਰਿੰਗ ਵਿਭਾਗ ਨੇ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀ ਤਕਨੀਕ ਵਿਕਸਤ ਕੀਤੀ ਹੈ। ਇਹ ਤਕਨੀਕ ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਕਰ ਕੇ, ਨਾ ਵਰਤੋਂ ਵਿਚ ਆਉਣ ਵਾਲੇ ਖੂਹਾਂ ਦੁਆਰਾ ਪਾਣੀ ਰੀਚਾਰਜ ਕਰਕੇ ਤੇ ਵਾਧੂ ਨਹਿਰੀ ਪਾਣੀ ਦੇ ਨਾਲ-ਨਾਲ ਬਰਸਾਤੀ ਪਾਣੀ ਦੀ ਵਰਤੋਂ ਕਰ ਕੇ, ਝੋਨੇ ਦੇ ਖੇਤਾਂ ਦੇ ਵੱਟਾਂ ਦੀ ਉਚਾਈ ਵਧਾ ਕੇ ਜਾਂ ਪਿੰਡਾਂ ਦੇ ਛੱਪੜਾਂ ਦੀ ਮੁਰੰਮਤ ਕਰਕੇ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਜੇ ਕੋਈ ਵਿਅਕਤੀ ਪਾਣੀ ਦੀ ਸੰਭਾਲ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ