ਵਪਾਰਕ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨ ਲਈ ਭਾਰਤ-ਅਮਰੀਕਾ ਜਲਦ ਹੀ ਕੁਝ ਸੀਮਿਤ ਵਸਤੂਆਂ ਦੇ ਵਪਾਰ ਨੂੰ ਲੈ ਕੇ ਅੰਤਿਮ ਕਰਾਰ ਕਰਨ ਜਾ ਰਿਹਾ ਹੈ। ਹੈਦਰਾਬਾਦ ਹਾਊਸ ਚ ਦੋਵਾਂ ਧਿਰਾਂ ਚ ਗੱਲਬਾਤ ਤੋਂ ਬਾਅਦ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਇਸ ਸੀਮਿਤ ਵਪਾਰ ਦੇ ਮਾਮਲੇ ਚ ਦੋਵਾਂ ਚ ਪਹਿਲਾਂ ਹੀ ਵਿਚਾਰ ਹੋ ਚੁੱਕੀ ਹੈ ਤੇ ਇਸ ਤੇ ਲਗਪਗ ਸਹਿਮਤੀ ਬਣ ਚੁੱਕੀ ਹੈ।
ਸੀਮਿਤ ਵਪਾਰ ਤੇ ਬਣਨ ਵਾਲੀ ਸਹਿਮਤੀ ਤੇ ਦੋਵੇਂ ਦੇਸ਼ ਜਲਦ ਹੀ ਆਪਣੀ-ਆਪਣੀ ਕਾਨੂੰਨੀ ਜਾਂਚ ਪੜਤਾਲ ਤੋਂ ਬਾਅਦ ਅੰਤਿਮ ਮੋਹਰ ਲਾ ਦੇਣਗੇ। ਮੰਤਰਾਲੇ ਦੇ ਸੂਤਰਾਂ ਮੁਤਾਬਕ ਭਾਰਤ ਅਮਰੀਕਾ ਦੇ ਅਲਫਾ-ਅਲਫਾ ਹੇ, ਚੈਰੀ , ਪਾਰਕ ਤੇ ਚਿਕਨ ਉਤਪਾਦ ਦੇ ਆਯਾਤ ਲਈ ਆਪਣੇ ਦਰਵਾਜੇ ਖੋਲਣ ਲਈ ਰਾਜੀ ਹੋ ਗਿਆ ਹੈ। ਉੱਥੇ ਹੀ ਭਾਰਤ ਦੇ ਅੰਬ, ਅੰਗੂਰ ਤੇ ਅਨਾਰ ਲਈ ਅਮਰੀਕਾ ਆਪਣਾ ਬਾਜ਼ਾਰ ਖੁੱਲ੍ਹੇਗਾ।
ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਚ ਵਸਤੂਆਂ ਦੇ ਵਪਾਰ ਤੇ ਬਣੀ ਸਹਿਮਤੀ ਨੂੰ ਅੰਤਿਮ ਰੂਪ ਦੇਣ ਨਾਲ ਤੋਂ ਪਹਿਲਾਂ ਕੁਝ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਡੇਅਰੀ ਉਤਪਾਦ ਨੂੰ ਲੈ ਕੇ ਭਾਰਤ ਨੇ ਆਪਣੇ ਬਾਜ਼ਾਰ ਖੋਲਣ ਤੇ ਸਹਿਮਤੀ ਨਹੀਂ ਦਿੱਤੀ ਹੈ। ਅਮਰੀਕਾ ਆਪਣੇ ਡੇਅਰੀ ਉਤਪਾਦਾਂ ਦੇ ਵੇਚਣ ਦੀ ਇਜ਼ਾਜਤ ਦੇਣ ਲਈ ਭਾਰਤ ਤੇ ਲਗਾਤਾਰ ਦਬਾਅ ਬਣਾਉਂਦਾ ਰਿਹਾ ਹੈ।
ਭਾਰਤ-ਅਮਰੀਕਾ ਆਪਸੀ ਐੱਫਟੀਏ ਵੱਲ
ਸੀਮਿਤ ਵਸਤੂਆਂ ਦੇ ਵਪਾਰ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਭਾਰਤ ਤੇ ਅਮਰੀਕਾ ਚ Free Trade Agreement (ਐੱਫਟੀਏ) ਵਾਰਤਾ ਸ਼ੁਰੂ ਕਰਨ ਤੇ ਵੀ ਸਹਿਮਤੀ ਬਣ ਗਈ ਹੈ। ਮੰਗਲਵਾਰ ਨੂੰ ਹੈਦਰਾਬਾਦ ਹਾਊਸ ਚ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੌਜੂਦਗੀ ਚ ਪੀਐੱਮ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਵੱਡੀ ਟਰੇਡ ਡੀਲ ਕਰਨ ਲਈ ਵੀ ਸਹਿਮਤ ਹੋਏ ਹਨ। ਮੋਦੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਪਸੀ ਹਿੱਤ ਚ ਇਸ ਦੇ ਚੰਗੇ ਨਤੀਜੇ ਨਿਕਲਣਗੇ।
ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਚ ਐੱਫਟੀਏ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕੀ ਸਰਕਾਰ ਆਪਣਾ ਨੋਟਿਸ ਦੇਵੇਗੀ ਤੇ ਉਸ ਦੇ 90 ਦਿਨਾਂ ਤੋਂ ਬਾਅਦ ਹੀ ਐੱਫਟੀਏ ਤੇ ਗੱਲਬਾਤ ਸ਼ੁਰੂ ਹੋ ਸਕਦੀ ਹੈ। ਇਸ ਤੋਂ ਪਹਿਲਾਂ ਐੱਫਟੀਏ ਤੇ ਗੱਲਬਾਤ ਲਈ ਇਕ Joint study group ਦਾ ਗਠਨ ਹੋਵੇਗਾ। ਇਸ ਗਰੁੱਪ ਚ ਦੋਵੇਂ ਦੇਸ਼ ਪ੍ਰਤੀਨਿਧੀ ਹੋ ਸਕਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ