ਕਿਸਾਨ ਹੁਣ ਆਪਣੀ ਬੇਕਾਰ ਜਾਂ ਘੱਟ ਉਪਜਾਊ ਜ਼ਮੀਨ ਤੋਂ ਵੀ ਵਧੀਆ ਪੈਸਾ ਕਮਾ ਸਕਣਗੇ। ਸਰਕਾਰ ਸੋਲਰ ਬਿਜਲੀ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਸਾਨਾਂ ਦੀ ਬੰਜਰ ਜਾਂ ਬੇਕਾਰ ਪਈ ਜ਼ਮੀਨ ਦੀ ਵਰਤੋਂ ਕਰਨ ਜਾ ਰਹੀ ਹੈ। ਸਰਕਾਰ ਇਸ ਨੂੰ ਸੋਲਰ ਫ਼ਾਰਮਿੰਗ ਦਾ ਨਾਂ ਦੇ ਰਹੀ ਹੈ। ਸੋਲਰ ਪਲਾਂਟ ਲਈ ਇਕ ਏਕੜ ਜ਼ਮੀਨ ਦੇਣ ਤੇ ਕਿਸਾਨ ਨੂੰ ਘਰ ਬੈਠੇ ਸਾਲਾਨਾ ਲਗਭਗ 80 ਹਜ਼ਾਰ ਰੁਪਏ ਮਿਲਣਗੇ।
ਇਸ ਪਲਾਂਟ ਤੋਂ ਸਾਲਾਨਾ 2.2 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਸੁਮ ਸਕੀਮ ਮੁਤਾਬਕ ਜੋ ਵੀ ਡਿਵੈਲਪਰ ਕਿਸਾਨ ਦੀ ਜ਼ਮੀਨ ਤੇ ਸੋਲਰ ਪਲਾਂਗ ਲਗਾਏਗਾ, ਉਹ ਕਿਸਾਨ ਨੂੰ ਪ੍ਰਤੀ ਯੂਨਿਟ 30 ਪੈਸੇ ਦਾ ਕਿਰਾਇਆ ਦੇਵੇਗਾ। ਅਜਿਹੇ ਚ ਕਿਸਾਨ ਨੂੰ 6600 ਰੁਪਏ ਪ੍ਰਤੀ ਮਹੀਨੇ ਮਿਲਣਗੇ। ਸਾਲ ਭਰ ਚ ਇਹ ਕਮਾਈ ਲਗਭਗ 80 ਹਜ਼ਾਰ ਰੁਪਏ ਦੀ ਹੋਵੇਗੀ। ਜ਼ਮੀਨ ਤੇ ਮਾਲਕਾਨਾ ਹੱਕ ਕਿਸਾਨ ਦਾ ਹੀ ਰਹੇਗਾ। ਕਿਸਾਨ ਚਾਹੇ ਤਾਂ ਸੋਲਰ ਪਲਾਂਟ ਦੇ ਨਾਲ ਇਥੇ ਛੋਟੀ-ਮੋਟੀ ਖੇਤੀ ਵੀ ਕਰ ਸਕਦਾ ਹੈ।
ਮੰਤਰਾਲਾ ਮੁਤਾਬਕ ਕਿਸਾਨਾਂ ਦੀ ਜ਼ਮੀਨ ਤੇ ਲੱਗਣ ਵਾਲੇ ਸੋਲਰ ਪਲਾਂਟ ਤੋਂ ਪੈਦਾ ਬਿਜਲੀ ਨੂੰ ਖ਼ਰੀਦਣ ਲਈ ਸਰਕਾਰ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਨੂੰ ਸਬਸਿਡੀ ਦੇਵੇਗੀ। ਸਰਕਾਰ ਦੀ ਯੋਜਨਾ ਮੁਤਾਬਕ ਡਿਸਕਾਮ ਨੂੰ ਪ੍ਰਤੀ ਯੂਨਿਟ 50 ਪੈਸੇ ਦੀ ਸਬਸਿਡੀ ਦਿੱਤੀ ਜਾਵੇਗੀ। ਐਮਐਨਆਰਈ ਮੁਤਾਬਕ ਅਜਿਹੇ ਚ ਕਿਸਾਨਾਂ ਦੀ ਜ਼ਮੀਨ ਤੇ ਲੱਗਣ ਵਾਲੇ ਸੋਲਰ ਪਲਾਂਟ ਤੋਂ ਪੈਦਾ ਬਿਜਲੀ ਦੀ ਵਿਕਰੀ ਯਕੀਨੀ ਬਣੇਗੀ। ਛੇਤੀ ਹੀ ਇਸ ਸਕੀਮ ਨੂੰ ਕੈਬਨਿਟ ਅੱਗੇ ਪੇਸ਼ ਕੀਤਾ ਜਾਵੇਗਾ।
ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ ਕਿਸਾਨ ਚਾਹੇ ਤਾਂ ਖੇਤ ਚ ਸ਼ੈਡ ਦੇ ਹੇਠਾਂ ਸਬਜ਼ੀ ਜਾਂ ਹੋਰ ਉਤਪਾਦਾਂ ਦੀ ਖੇਤੀ ਕਰ ਸਕਦਾ ਹੈ ਅਤੇ ਸ਼ੈਡ ਤੇ ਸੋਲਰ ਪੈਨਰ ਲਗਵਾ ਸਕਦਾਹੈ। ਸਿੰਜਾਈ ਦੀ ਕਮੀ ਕਾਰਨ ਬਹੁਤ ਸਾਰੇ ਕਿਸਾਨ ਆਪਣੇ ਖੇਤ ਤੋਂ ਕੁਝ ਵੀ ਪ੍ਰਾਪਤ ਨਹੀਂ ਪਾ ਰਹੇ ਹਨ। ਲਾਭ ਨਾ ਮਿਲਣ ਕਰ ਕੇ ਕਿਸਾਨਾਂ ਨੇ ਆਪਣੀ ਜ਼ਮੀਨ ਨੂੰ ਬੇਕਾਰ ਛੱਡਿਆ ਹੋਇਆ ਹੈ। ਇਹ ਕਿਸਾਨ ਹੁਣ ਸੋਲਰ ਫ਼ਾਰਮਿੰਗ ਕਰ ਸਕਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕੇਸਮੈਨ