ਮੋਹਲੇਧਾਰ ਮੀਂਹ ਨੇ ਆਲੂ ਕਾਸ਼ਤਕਾਰ ਮਧੋਲੇ

January 10 2022

ਮੋਹਲੇਧਾਰ ਮੀਂਹ ਨੇ ਆਲੂਆਂ ਦੀ ਫਸਲ ਨੂੰ ਦਾ ਭਾਰੀ ਨੁਕਸਾਨ ਕੀਤਾ ਹੈ। ਦੋਆਬੇ ਦੇ ਦੋਨਾਂ ਇਲਾਕੇ ਵਿੱਚ ਆਲੂਆਂ ਦੀ ਫਸਲ ਵੱਡੀ ਪੱਧਰ ’ਤੇ ਬੀਜੀ ਜਾਂਦੀ ਹੈ। ਚਾਰ ਦਿਨਾਂ ਤੋਂ ਪੈ ਰਹੇ ਮੀਂਹ ਨੇ ਆਲੂ ਬੀਜਣ ਵਾਲੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆ ਹੋਈਆ ਸਨ ਪਰ ਅੱਜ ਪਏ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਹੀ ਪਾਣੀ ਫੇਰ ਦਿੱਤਾ। ਆਲੂਆਂ ਦੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਜੇਸੀਬੀ ਮਸ਼ੀਨਾਂ ਲਿਆ ਕੇ ਖੇਤਾਂ ਵਿੱਚ ਟੋਏ ਪੁੱਟਣੇ ਸ਼ੁਰੂ ਕੀਤੇ ਹੋਏ ਹਨ ਤਾਂ ਜੋ ਮੀਂਹ ਦੇ ਪਾਣੀ ਨੂੰ ਖੇਤਾਂ ਵਿੱਚੋਂ ਕੱਢ ਕੇ ਟੋਇਆ ਵਿੱਚ ਪਾਇਆ ਜਾ ਸਕੇ। ਕਿਸਾਨਾਂ ਦਾ ਕਹਿਣਾ ਸੀ ਕਿ ਅਜੇ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ ਜਿਸ ਕਾਰਨ ਖੇਤਾਂ ਵਿੱਚ ਪੁੱਟੇ ਟੋਏ ਮੀਂਹ ਨਾਲ ਪਹਿਲਾਂ ਹੀ ਭਰ ਜਾਣਗੇ ਜਿਸ ਕਾਰਨ ਪਾਣੀ ਖੇਤਾਂ ਵਿੱਚ ਖੜ੍ਹਾ ਰਹਿਣ ਹੈ ਜੋ ਆਲੂਆਂ ਲਈ ਬਹੁਤ ਹੀ ਘਾਤਕ ਹੈ। ਕਿਸਾਨਾਂ ਨੇ ਆਲੂਆਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜੇ ਦੀ ਮੰਗ ਕੀਤੀ ਹੈ।

ਮੀਂਹ ਨੇ ਆਲੂ ਉਤਪਾਦਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੱਚੀ ਪੁਟਾਈ ਲਈ ਤਿਆਰ ਆਲੂਆਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਆਲੂ ਉਤਪਾਦਕ ਖੇਤਾਂ ਵਿੱਚੋਂ ਪਾਣੀ ਬਾਹਰ ਕੱਢਣ ਲਈ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਦੇ ਕਿਨਾਰਿਆਂ ਤੇ ਡੂੰਘੇ ਟੋਏ ਪੁੱਟ ਰਹੇ ਹਨ। ਇਸ ਨਾਲ ਖੇਤਾਂ ਵਿੱਚੋਂ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ। ਕਰਤਾਰਪੁਰ ਨੇੜਲੇ ਪਿੰਡ ਅਠੌਲਾ ਦੇ ਆਲੂ ਉਤਪਾਦਕ ਗੁਰਜੀਤ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਆਲੂ ਦੀ ਫਸਲ ਵਿੱਚ ਪਾਣੀ ਖੜ੍ਹ ਗਿਆ ਹੈ।  ਇਸ ਸਬੰਧੀ ਡਾਇਰੈਕਟਰ ਬਾਗ਼ਬਾਨੀ ਡਾ ਸੁਖਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਮੀਂਹ ਨਾਲ ਆਲੂ ਦੀ ਫਸਲ ਨੂੰ ਨੁਕਸਾਨ ਨਹੀਂ ਹੋਇਆ। ਫ਼ਸਲ ਵਿੱਚ ਖੜ੍ਹੇ ਪਾਣੀ ਨੂੰ ਤੁਰੰਤ ਬਾਹਰ ਕੱਢਣ ਲਈ ਕਿਸਾਨਾਂ ਨੂੰ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। 

ਫਸਲਾਂ ਦੇ ਖ਼ਰਾਬੇ ਬਾਰੇ ਗਿਰਦਾਵਰੀ ਦੇ ਹੁਕਮ

ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਫਸਲਾਂ ਦੇ ਹੋਏ ਖ਼ਰਾਬੇ/ਨੁਕਸਾਨ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੰਦਿਆਂ ਇਸ ਸਬੰਧੀ ਰਿਪੋਰਟ ਦੋ ਦਿਨਾਂ ਦੇ ਅੰਦਰ-ਅੰਦਰ ਭੇਜਣ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਐੱਸਡੀਐੱਮਜ਼ ਨੂੰ ਰਿਪੋਰਟ ਨਿਰਧਾਰਤ ਸਮੇਂ ’ਚ ਦੇਣ ਦੇ ਹੁਕਮ ਦਿੱਤੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune