ਬਰਸਾਤੀ ਪਾਣੀ ’ਚ ਡੁੱਬੀ ਫ਼ਸਲ ਦਾ ਏਡੀਸੀ ਨੇ ਜਾਇਜ਼ਾ ਲਿਆ

July 18 2019

ਵਧੀਕ ਡਿਪਟੀ ਕਮਿਸ਼ਨ (ਜਨਰਲ) ਜਸਪ੍ਰੀਤ ਸਿੰਘ ਅਤੇ ਐੱਸਡੀਐੱਮ ਫ਼ਤਹਿਗੜ੍ਹ ਸਾਹਿਬ ਸੰਜੀਵ ਕੁਮਾਰ ਵੱਲੋਂ ਅੱਜ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਬੀਡੀਪੀਓ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਜਲਬੇੜਾ, ਰਜਿੰਦਰਗੜ੍ਹ, ਚੁੰਨੀ ਮਾਜਰਾ ਅਤੇ ਰਸੂਲਪੁਰ ਦਾ ਦੌਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਪਿੰਡ ਰਸੂਲਪੁਰ ਵਿੱਚ ਬਰਸਾਤੀ ਪਾਣੀ ਵਿੱਚ ਡੁੱਬੀ ਕਿਸਾਨਾਂ ਦੀ ਕਰੀਬ 200 ਏਕੜ ਝੋਨੇ ਦੀ ਫ਼ਸਲ ਦਾ ਜਾਇਜ਼ਾ ਵੀ ਲਿਆ।

ਇਸ ਦੌਰਾਨ ਏਡੀਸੀ ਜਸਪ੍ਰੀਤ ਸਿੰਘ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮਨਦੀਪ ਸਿਘ ਨੂੰ ਖੇਤਾਂ ਵਿਚ ਖੜ੍ਹੇ ਇਸ ਬਰਸਾਤੀ ਪਾਣੀ ਦੇ ਨਿਕਾਸ ਲਈ ਤੁਰੰਤ ਪੁਲੀ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਤੁਰੰਤ ਵੱਡੀਆਂ ਪਾਈਪਾਂ ਪਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਆਖਿਆ ਤਾਂ ਜੋ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਭਾਵੇਂ ਕਿ ਪਿੰਡ ਰਸੂਲਪੁਰ ਦੀ ਲਿੰਕ ਰੋਡ ’ਤੇ ਦੋ ਪੁਲੀਆਂ ਪਹਿਲਾਂ ਹੀ ਲੱਗੀਆਂ ਹੋਈਆਂ ਹਨ ਪ੍ਰੰਤੂ ਪਾਣੀ ਦੀ ਤੁਰੰਤ ਨਿਕਾਸੀ ਕਰਨ ਲਈ ਇੱਕ ਹੋਰ ਪੁਲੀ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਲਿੰਕ ਸੜਕਾਂ ’ਤੇ ਪਾਣੀ ਦੇ ਨਿਕਾਸ ਲਈ ਬਣੀਆਂ ਪੁਲੀਆਂ ਦੀ ਮੁਕੰਮਲ ਸਫ਼ਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਬੀਡੀਪੀਓ ਖੇੜਾ ਹਰਕੀਤ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ