ਫਲਦਾਰ ਪੌਦੇ ਲਾਈਏ

July 15 2019

ਵਰਖਾ ਰੁੱਤ ਦੇ ਸ਼ੁਰੂ ਹੋਣ ਨਾਲ ਹੀ ਰੁੱਖ ਲਾਉਣ ਦਾ ਪਰਉਪਕਾਰੀ ਕਾਰਜ ਸ਼ੁਰੂ ਹੋ ਜਾਂਦਾ ਹੈ, ਜੋ ਕਿ ਸਾਡੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ-ਭਰਿਆ , ਸਾਫ਼ ਤੇ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਹਿੱਤ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਹੈ। ਰੁੱਖ ਲਾਉਣ ਦੇ ਨਾਲ - ਨਾਲ ਇਨ੍ਹਾਂ ਦੀ ਸੰਭਾਲ ਕਰਨਾ ਵੀ ਜ਼ਰੂਰੀ ਹੈ। ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਹਰ ਪਾਸਿਓਂ ਦੇਖਣ, ਸੁਣਨ ਤੇ ਅਨੁਭਵ ਕਰਨ ਚ ਆਉਂਦਾ ਹੈ ਕਿ ਅਸੀਂ ਸਭ ਵਾਤਾਵਰਨ ਪ੍ਰਤੀ ਕਾਫੀ ਸੁਚੇਤ ਹੋ ਗਏ ਹਾਂ ਤੇ ਵਧ- ਚੜ੍ਹ ਕੇ ਰੁੱਖ ਲਾਉਣ ਚ ਯੋਗਦਾਨ ਵੀ ਪਾ ਰਹੇ ਹਾਂ। ਜੇ ਵਰਖਾ ਰੁੱਤ ਚ ਜੰਗਲਾਂ ਜਾਂ ਆਪਣੇ ਦੂਰ ਨੇੜੇ ਦੀਆਂ ਗ਼ੈਰ - ਆਬਾਦ , ਬੰਜਰ ਜਾਂ ਹੋਰ ਥਾਵਾਂ ਤੇ ਹੋਰ ਪੌਦੇ ਲਾਉਣ ਦੇ ਨਾਲ - ਨਾਲ ਕੁਝ ਹਿੱਸਾ ਫ਼ਲਦਾਰ ਰੁੱਖ ਲਾਉਣ ਦੀ ਨਵੀਂ ਪ੍ਰਵਿਰਤੀ ਸ਼ੁਰੂ ਕਰ ਦੇਈਏ ਤਾਂ ਇਸ ਨਾਲ ਵਾਤਾਵਰਨ ਤਾਂ ਸ਼ੁੱਧ ਰਹੇਗਾ ਹੀ , ਨਾਲ ਹੀ ਪੰਛੀਆਂ ਤੇ ਜੀਵ - ਜੰਤੂਆਂ ਨੂੰ ਕੁਦਰਤੀ ਮਾਹੌਲ ਚ ਆਪਣੇ ਭੋਜਨ ਦੀ ਸਹੀ , ਸੁਚਾਰੂ ਤੇ ਸੁਚੱਜੇ ਢੰਗ ਨਾਲ ਪ੍ਰਾਪਤੀ ਵੀ ਹੋ ਜਾਵੇਗੀ। ਇਸ ਨਾਲ ਜਿੱਥੇ ਜੀਵ - ਜੰਤੂਆਂ ਤੇ ਪੰਛੀਆਂ ਦੀ ਭਲਾਈ ਹੋਵੇਗੀ ਤੇ ਉਨ੍ਹਾਂ ਨੂੰ ਕੁਦਰਤੀ ਪ੍ਰਸਥਿਤਿਕ ਪ੍ਰਬੰਧ ਚ ਆਪਣਾ ਕੁਦਰਤੀ ਭੋਜਨ ਮੁਹੱਈਆ ਹੋ ਸਕੇਗਾ , ਉੱਥੇ ਹੀ ਇਹ ਪੰਛੀ ਤੇ ਖ਼ਾਸ ਤੌਰ ਤੇ ਜੰਗਲੀ ਜਾਨਵਰ ਸਾਡੇ ਖੇਤਾਂ ਤੇ ਫ਼ਸਲਾਂ ਚ ਆਉਣ ਦੇ ਰੁਝਾਨ ਤੋਂ ਪਿੱਛੇ ਹਟ ਜਾਣਗੇ। ਇਸ ਨਾਲ ਮਿਹਨਤੀ ਕਿਸਾਨਾਂ ਦੀਆਂ ਫ਼ਸਲਾਂ ਦਾ ਇਨ੍ਹਾਂ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਉਜਾੜੇ ਤੇ ਨੁਕਸਾਨ ਤੋਂ ਬਚਾਅ ਹੋ ਜਾਵੇਗਾ। ਸਾਡੇ ਵੱਲੋਂ ਕੀਤਾ ਗਿਆ ਵਰਖਾ ਰੁੱਤ ਚ ਇਹ ਛੋਟਾ ਜਿਹਾ ਉਪਰਾਲਾ ਜਿੱਥੇ ਕਈ ਪੰਛੀਆਂ ਤੇ ਜੀਵ - ਜੰਤੂਆਂ ਦੀਆਂ ਅਲੋਪ ਹੋ ਰਹੀਆਂ ਨਸਲਾਂ ਨੂੰ ਬਚਾਉਣ ਚ ਸਹਾਈ ਹੋ ਸਕਦਾ ਹੈ , ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਦਾ ਬਚਾਅ ਹੋਣ ਨਾਲ ਗ਼ਰੀਬ ਕਿਸਾਨਾਂ ਦੀ ਸਥਿਤੀ ਦਾ ਪੱਧਰ ਉੱਚਾ ਉੱਠ ਸਕਦਾ ਹੈ। ਇਨ੍ਹਾਂ ਲਾਚਾਰ ਜੀਵ - ਜੰਤੂਆਂ ਨੂੰ ਆਪਣੇ ਰੈਣ ਬਸੇਰਿਆਂ ਦੇ ਨਜ਼ਦੀਕ ਹੀ ਆਸਾਨੀ ਨਾਲ ਭੋਜਨ ਪ੍ਰਾਪਤ ਹੋ ਜਾਣਾ ਬਹੁਤ ਹੀ ਵੱਡਾ ਪਰਉਪਕਾਰ , ਪੁੰਨ ਤੇ ਮਹਾਨਤਾ ਵਾਲਾ ਕੰਮ ਹੋ ਨਿਬੜੇਗਾ। ਜੇ ਵਰਖਾ ਰੁੱਤ ਚ ਪੌਦੇ ਲਾਉਣ ਦੀ ਪਹਿਲ ਕਰਨ ਦੇ ਨਾਲ - ਨਾਲ ਨਜ਼ਦੀਕ ਦੇ ਜੰਗਲਾਂ ਬੇਲਿਆਂ , ਬੰਜਰ ਥਾਵਾਂ , ਸੁੰਨਸਾਨ ਥਾਵਾਂ ਤੇ ਕੁਝ ਫ਼ਲਦਾਰ ਪੌਦੇ ਲਗਾ ਦਿੱਤੇ ਜਾਣ ਤਾਂ ਵਾਤਾਵਰਨ ਤੇ ਕੁਦਰਤੀ ਤੰਤਰ ਚ ਇਕ ਨਵੀਂ ਰੂਹ ਤੇ ਦਿੱਖ ਪੈਦਾ ਹੋ ਜਾਵੇਗੀ । ਜੰਗਲੀ ਜਾਨਵਰਾਂ ਦੇ ਮਨੁੱਖੀ ਬਸਤੀਆਂ ਵੱਲ ਆਉਣ ਤੇ ਇੱਥੇ ਕੀਤੇ ਜਾਣ ਵਾਲੇ ਨੁਕਸਾਨ ਜਾਂ ਹਾਦਸਿਆਂ ਤੋਂ ਬਚਾਅ ਹੋਣ ਨਾਲ ਸਾਡਾ ਸਭ ਦਾ ਭਲਾ ਹੋ ਸਕਦਾ ਹੈ। ਸੋ ਆਓ ! ਵਰਖਾ ਰੁੱਤ ਚ ਵੱਧ ਤੋਂ ਵੱਧ ਰੁੱਖ ਲਾਈਏ ਤੇ ਜੰਗਲ ਬੇਲਿਆਂ ਚ ਫ਼ਲਦਾਰ ਰੁੱਖ ਲਾਉਣ ਨੂੰ ਪਹਿਲ ਦੇਈਏ , ਇਸ ਨਵੀਂ ਸੋਚ ਤੇ ਪਰਉਪਕਾਰ ਨੂੰ ਅਪਣਾਈਏ ਤੇ ਸਭ ਦਾ ਭਲਾ ਕਰੀਏ। 

-ਸੰਜੀਵ ਧਰਮਾਣੀ, 

ਸ੍ਰੀ ਅਨੰਦਪੁਰ ਸਾਹਿਬ। ਸੰਪਰਕ : 94785-61356

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ