ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਮੌਨਸੂਨ ਦੀ ਦਸਤਕ ਨੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਮੌਨਸੂਨ ਦੇ ਛਰਾਟਿਆਂ ਨਾਲ ਹੁੰਮਸ ਤਾਂ ਭਾਵੇਂ ਵੱਧ ਗਈ ਹੈ ਪਰ ਤਾਪਮਾਨ ਵਿੱਚ ਗਿਰਾਵਟ ਆ ਗਈ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੁੱਧਵਾਰ ਤੱਕ ਤਾਪਮਾਨ 40 ਡਿਗਰੀ ਤੋਂ ਵੱਧ ਸੀ ਜੋ ਘੱਟ ਕੇ 37 ਡਿਗਰੀ ਦੇ ਨਜ਼ਦੀਕ ਆ ਗਿਆ।
ਬੀਤੀ ਰਾਤ ਤੋਂ ਹੀ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਡੇ ਹਿੱਸੇ ’ਤੇ ਬੱਦਲਵਾਈ ਹੋਣ ਨਾਲ ਮੌਨਸੂਨ ਦੀ ਆਮਦ ਹੋ ਗਈ ਸੀ। ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਅੱਜ ਭਰਵੀਂ ਬਾਰਿਸ਼ ਹੋਈ। ਇਸ ਨਾਲ ਗੋਬਿੰਦ ਸਾਗਰ ਝੀਲ ਸਮੇਤ ਬਿਆਸ ਅਤੇ ਸਤਲੁਜ ਦਰਿਆਵਾਂ ’ਚ ਪਾਣੀ ਦਾ ਪੱਧਰ ਵੱਧਣ ਦੀ ਉਮੀਦ ਹੈ।
ਪੰਜਾਬ ਦੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਵਿਭਾਗ ਨੇ ਇਸ ਵਾਰੀ ਜਿਸ ਤਰ੍ਹਾਂ ਕਮਜ਼ੋਰ ਮੌਨਸੂਨ ਦੀ ਭਵਿੱਖਬਾਣੀ ਕੀਤੀ ਹੋਈ ਹੈ, ਉਸ ਨੂੰ ਦੇਖਦਿਆਂ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਘੱਟ ਹੈ ਫਿਰ ਵੀ ਡਰੇਨੇਜ ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਕਿਸਾਨਾਂ ਨੂੰ ਇਸ ਰੁੱਤ ਦੀ ਬਾਰਿਸ਼ ਨਾਲ ਭਾਰੀ ਰਾਹਤ ਮਿਲੀ ਹੈ। ਔੜ ਕਾਰਨ ਝੋਨਾ ਅਤੇ ਸਾਉਣੀ ਦੀਆਂ ਹੋਰ ਫਸਲਾਂ ਪ੍ਰਭਾਵਿਤ ਹੋ ਰਹੀਆਂ ਸਨ ਅਤੇ ਬਿਜਲੀ ਦੀ ਮੰਗ ਵੀ ਰਿਕਾਰਡ ਤੋੜ ਰਹੀ ਸੀ। ਮੀਂਹ ਨੇ ਪਾਵਰਕੌਮ ਨੂੰ ਵੀ ਕੁਝ ਰਾਹਤ ਦਿੱਤੀ ਹੈ।
ਮਾਹਿਰਾਂ ਵੱਲੋਂ ਪੰਜਾਬ ਦੇ ਨੀਮ ਪਹਾੜੀ ਖੇਤਰਾਂ ਵਿੱਚ ਤਾਂ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਆਉਂਦੇ 48 ਘੰਟਿਆਂ ’ਚ ਖਿੱਤਾ ਮੌਨਸੂਨ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ