ਪੰਜਾਬ ਤੇ ਹਰਿਆਣਾ ਦੇ ਕੁੱਝ ਹਿੱਸਿਆਂ ਚ ਬਾਰਿਸ਼ ਕਾਰਨ ਨਰਮੇ ਦੀ ਫ਼ਸਲ ਪ੍ਰਭਾਵਿਤ

July 31 2019

ਉੱਤਰੀ ਭਾਰਤ ਦੇ ਰਾਜਾਂ ਚ ਪਹਿਲਾਂ ਸਖ਼ਤ ਗਰਮੀ ਤੇ ਲੰਬੀ ਔੜ ਫਿਰ ਬੇਮੌਸਮੀ ਬਰਸਾਤ ਕਾਰਨ ਕਰੰਡ ਅਤੇ ਮੁੜ ਗੜੇਮਾਰੀ ਤੇ ਹੁਣ ਮੌਨਸੂਨੀ ਬਰਸਾਤ ਨੇ ਬਾ-ਮੁਸ਼ਕਿਲ ਫੁੱਲਾਂ ਤੱਕ ਲਿਆਂਦੀ ਨਰਮੇ ਦੀ ਫ਼ਸਲ ਨੂੰ ਵੱਡੀ ਮਾਰ ਮਾਰੀ ਹੈ। ਕਈ ਇਲਾਕਿਆਂ ਚ ਨੁਕਸਾਨ 100 ਫ਼ੀਸਦੀ ਤੱਕ ਹੋਣ ਨਾਲ ਕਿਸਾਨਾਂ ਸਿਰ ਕਰਜ਼ਿਆਂ ਦੀ ਪੰਡ ਹੋਰ ਭਾਰੀ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਇਨ੍ਹਾਂ ਥਾਵਾਂ ਤੇ ਬਦਲਵੀਆਂ ਫ਼ਸਲਾਂ ਤਹਿਤ ਮੂੰਗੀ ਜਾਂ ਬਾਸਮਤੀ ਦੀ ਲਵਾਈ ਤੇ ਇਸ ਲਈ ਮੁੜ ਤੋਂ ਬੀਜ, ਪੌਦ, ਵਹਾਈ, ਖਾਦ ਅਤੇ ਹੋਰ ਲਾਗਤ ਖ਼ਰਚਿਆਂ ਦੇ ਮੁੜ ਹੋਣ ਨਾਲ ਚਿੰਤਾ ਖੜ੍ਹੀ ਹੋ ਗਈ ਹੈ, ਜਦਕਿ ਨੁਕਸਾਨ ਦੇ ਬਾਵਜੂਦ ਕੇਵਲ ਕਾਗ਼ਜ਼ੀ ਰਿਪੋਰਟਾਂ ਤੇ ਖ਼ਰਾਬੇ ਦੇ ਪੋਲੇ ਜਿਹੇ ਸਰਕਾਰੀ ਐਲਾਨ-ਨਾਮੇ ਤਹਿਤ ਕਿਸਾਨਾਂ ਨੂੰ ਫ਼ੌਰੀ ਰਾਹਤ ਵਜੋਂ ਆਰਥਿਕ ਸਹਾਇਤਾ ਨਾ ਮਿਲਣ ਕਰਕੇ ਕਿਸਾਨਾਂ ਦੇ ਹੱਥ ਅਜੇ ਖ਼ਾਲੀ ਹਨ। ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ ਸੂਬਿਆਂ ਚ ਤਕਰੀਬਨ 16 ਲੱਖ ਹੈਕਟੇਅਰ ਰਕਬਾ ਨਰਮੇ ਦੀ ਬਿਜਾਂਦ ਹੇਠ ਹੈ, ਜਿਨ੍ਹਾਂ ਤੋਂ 60 ਲੱਖ ਗੱਠਾਂ ਦੇ ਉਤਪਾਦਨ ਦੀ ਆਸ ਪ੍ਰਗਟਾਈ ਜਾ ਰਹੀ ਹੈ ਜਦਕਿ ਪੰਜਾਬ ਚ ਨਰਮੇ ਦੀ ਬਿਜਾਂਦ ਹੇਠ 8 ਜ਼ਿਲਿ੍ਹਆਂ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਫ਼ਰੀਦਕੋਟ, ਬਰਨਾਲਾ ਤੇ ਸੰਗਰੂਰ ਜਿਸ ਨੂੰ ਨਰਮਾ ਪੱਟੀ ਦਾ ਨਾਂਅ ਦਿੱਤਾ ਗਿਆ ਹੈ ਦੇ 4 ਲੱਖ ਹੈਕਟੇਅਰ ਰਕਬਾ ਚੋਂ ਅਧਿਕਾਰਤ ਤੌਰ ਤੇ 17 ਲੱਖ 65 ਹਜ਼ਾਰ ਗੱਠਾਂ ਦੇ ਉਤਪਾਦਨ ਦੀ ਆਸ ਜਤਾਈ ਜਾ ਰਹੀ ਹੈ ਜਦਕਿ ਨਰਮਾ ਪੱਟੀ ਚ ਪਿਛਲੇ ਸਾਲ 2 ਲੱਖ 84 ਹਜ਼ਾਰ ਹੈਕਟੇਅਰ ਰਕਬੇ ਚ ਨਰਮੇ ਦੀ ਬਿਜਾਂਦ ਚੋਂ ਬੰਪਰ ਪੈਦਾਵਾਰ ਹੋਣ ਕਰਕੇ ਇਸ ਵਾਰ 1 ਲੱਖ 16 ਹਜ਼ਾਰ ਹੈਕਟੇਅਰ ਰਕਬੇ ਚ ਹੋਰ ਵਾਧਾ ਹੋਣ ਨਾਲ ਇਸ ਤੋਂ 17.65 ਲੱਖ ਗੱਠਾਂ ਦੇ ਉਤਪਾਦਨ ਦੀ ਸੰਭਾਵਨਾ ਹੈ ਜੋ ਲੰਘੇ ਵਰ੍ਹੇ 2.84 ਹੈਕਟੇਅਰ ਚੋਂ 9.50 ਲੱਖ ਗੱਠਾਂ ਸੀ। ਦੱਸਣਯੋਗ ਕਿ ਪੰਜਾਬ ਦੀ ਨਰਮਾ ਪੱਟੀ ਜਿਸ ਵਿਚ ਬਠਿੰਡਾ, ਮਾਨਸਾ ਫ਼ਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਸ਼ਾਮਿਲ ਹਨ ਚ ਹੀ ਨਰਮੇ ਦੀ ਬਿਜਾਈ ਹੁੰਦੀ ਹੈ ਪਰ ਇਸ ਵਾਰ ਹੁਣ ਤੱਕ ਪਈਆਂ ਕੁਦਰਤੀ ਮਾਰਾਂ ਕਾਰਨ 20 ਤੋਂ 25 ਹਜ਼ਾਰ ਏਕੜ ਰਕਬੇ ਦੀ ਫ਼ਸਲ ਜੋ ਫੁੱਲ ਫ਼ਲਾਕੇ ਤੇ ਚੱਲ ਰਹੀ ਸੀ ਦੇ ਨੁਕਸਾਨੇ ਜਾਣ ਨਾਲ ਉਤਪਾਦਨ ਦਾ ਗਰਾਫ਼ ਹੇਠਾਂ ਡਿੱਗਣ ਦੇ ਨਾਲ-ਨਾਲ ਨਰਮਾ ਕਾਸ਼ਤਕਾਰਾਂ ਨੂੰ ਵੱਡੀ ਸੱਟ ਵੱਜੀ ਹੈ। ਹਰਿਆਣਾ ਦੇ ਪੰਜਾਬ ਨਾਲ ਲੱਗਦੇ ਕਈ ਇਲਾਕਿਆਂ ਚ ਵੀ ਬਰਸਾਤ ਕਾਰਨ ਨਰਮੇ ਦੀ ਫ਼ਸਲ ਦੇ ਪ੍ਰਭਾਵਿਤ ਹੋਣ ਦੀ ਰਿਪੋਰਟ ਹੈ। ਉੱਧਰ ਇਸ ਵਾਰ ਨਰਮਾ ਪੱਟੀ ਚ ਕਿਸਾਨਾਂ ਨੂੰ ਨਰਮੇ ਦਾ ਲੋੜ ਅਨੁਸਾਰ ਕੱਦ ਨਾ ਵਧਣ ਤੇ ਛੇਤੀ ਹੀ ਫ਼ਸਲ ਦੇ ਫ਼ੁਲ ਫ਼ਲਾਕੇ ਤੇ ਆ ਜਾਣ ਕਰਕੇ ਉਤਪਾਦਨ ਦੇ ਪ੍ਰਭਾਵਿਤ ਹੋਣ ਦੀ ਚਿੰਤਾ ਵੱਢ-ਵੱਢ ਖਾਣ ਲੱਗੀ ਹੈ ਜਿਸ ਦੇ ਓਹੜ ਪੋਹੜ ਵਜੋਂ ਕਿਸਾਨਾਂ ਨੇ ਸਪਰੇਅ ਵਾਲੀਆਂ ਢੋਲੀਆਂ ਚੁੱਕ ਲਈਆਂ ਹਨ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਾਂਦਿੱਤਾ ਸਿੰਘ ਸਿੱਧੂ ਨੇ ਕਿਹਾ ਕਿ ਵਰਖ਼ਾ ਕਰਕੇ ਨਰਮਾ ਪੱਟੀ ਦੇ ਬਠਿੰਡਾ ਜ਼ਿਲ੍ਹੇ ਜਿੱਥੇ 1 ਲੱਖ 40 ਹਜ਼ਾਰ ਏਕੜ ਰਕਬੇ ਚੋਂ 25 ਤੋਂ 50 ਫ਼ੀਸਦੀ-1289 ਏਕੜ, 51 ਤੋਂ 75 ਫ਼ੀਸਦੀ-947 ਏਕੜ ਤੇ 76 ਤੋਂ 100 ਫ਼ੀਸਦੀ ਵਾਲਾ 897 ਏਕੜ ਰਕਬਾ ਹੈ, ਜਿਸ ਦੀ ਸਰਵੇ ਉਪਰੰਤ ਰਿਪੋਰਟ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਛੇਤੀ ਰਕਬੇ ਅਨੁਸਾਰ ਫਿਜ਼ੀਕਲ ਸਰਵੇ ਵੀ ਕਰਵਾ ਰਹੇ ਹਨ। ਉੱਧਰ ਦੂਸਰੇ ਪਾਸੇ ਪੀੜਤ ਕਿਸਾਨਾਂ ਅਤੇ ਬੀ. ਕੇ. ਯੂ. ਲੱਖੋਵਾਲ ਦੇ ਜ਼ਿਲ੍ਹਾ ਜਨ ਸਕੱਤਰ ਸਰੂਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਸਰਕਾਰ ਮੁਆਵਜ਼ੇ ਦੇ ਪੋਲੇ ਜਿਹੇ ਐਲਾਨ ਤੱਕ ਹੀ ਸੀਮਤ ਨਾ ਰਹੇ ਬਲਕਿ ਤੁਰੰਤ ਪ੍ਰਭਾਵਿਤ ਇਲਾਕਿਆਂ ਵਿਚ ਕਿਸਾਨਾਂ ਲਈ ਬੀਜ ਖਾਦ ਡੀਜ਼ਲ ਤੇ ਬਾਸਮਤੀ ਪੌਦ ਦਾ ਪ੍ਰਬੰਧ ਕਰੇ ਤਾਂ ਜੋ ਪਹਿਲਾਂ ਹੀ ਆਰਥਿਕ ਮੰਦਵਾੜੇ ਚੋਂ ਗੁਜ਼ਰ ਰਹੀ ਛੋਟੀ ਕਿਸਾਨੀ ਨੂੰ ਕੁਝ ਰਾਹਤ ਮਿਲ ਸਕੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ