ਸੂਬੇ ਵਿਚ ਗੜਬੜ ਵਾਲੀਆਂ ਪੱਛਮੀ ਪੌਣਾਂ ਕਾਰਨ ਵੀਰਵਾਰ ਨੂੰ ਕਈ ਥਾਈਂ ਬਾਰਿਸ਼ ਹੋਈ। ਬਾਰਿਸ਼ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ ਜਿਸ ਕਾਰਨ ਪਾਰੇ ਵਿਚ ਗਿਰਾਵਟ ਦਰਜ ਕੀਤੀ ਗਈ। ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਖੇਤਾਂ ਵਿਚ ਵਿਛ ਗਈ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿਚ 1.8 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਪਟਿਆਲੇ ਚ ਵੀ 1.7 ਐੱਮਐੱਮ ਬਾਰਿਸ਼ ਹੋਈ।
ਇਸੇ ਤਰ੍ਹਾਂ ਲੁਧਿਆਣੇ ਵਿਚ ਵੀ ਦੇਰ ਸ਼ਾਮ ਬੂੰਦਾਬਾਂਦੀ ਹੋਈ। ਬਾਰਿਸ਼ ਕਾਰਨ ਮੌਸਮ ਦਾ ਮਿਜ਼ਾਜ ਬਦਲਣ ਨਾਲ ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਦਿਨ ਦਾ ਤਾਪਮਾਨ ਸਧਾਰਨ ਨਾਲੋਂ ਦੋ ਡਿੱਗਰੀ ਸੈਲਸੀਅਸ ਘੱਟ ਰਿਹਾ। ਬੁੱਧਵਾਰ ਰਾਤ ਬਾਰਿਸ਼ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਫ਼ਰੀਦਕੋਟ ਵਿਚ ਇਕ ਹਜ਼ਾਰ ਹੈਕਟੇਅਰ ਕਣਕ ਖੇਤਾਂ ਵਿਚ ਵਿਛ ਗਈ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖ਼ਰਾਬ ਮੌਸਮ ਦੌਰਾਨ ਕਣਕ ਨੂੰ ਪਾਣੀ ਨਾ ਲਾਉਣ।
ਉਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਪੰਜਾਬ ਵਿਚ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਤੇਜ਼ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਦੋ ਦਿਨ ਤੇਜ਼ ਧੁੱਪ ਨਿਕਲਣ ਤੇ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ 11 ਮਾਰਚ ਤੋਂ ਮੁੜ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਜਲੰਧਰ ਤੋਂ ਜਤਿੰਦਰ ਪੰਮੀ ਅਨੁਸਾਰ, ਵੀਰਵਾਰ ਰਾਤ ਨੂੰ ਕਰੀਬ ਦਸ ਵਜੇ ਬੱਦਲਾਂ ਦੀ ਗੜਗੜਾਹਟ ਦੇ ਨਾਲ ਤੇਜ਼ ਮੀਂਹ ਅਤੇ ਗੜੇਮਾਰੀ ਸ਼ੁਰੂ ਹੋ ਗਈ। ਅਚਾਨਕ ਆਏ ਮੀਂਹ ਕਾਰਨ ਦੋਪਹੀਆ ਵਾਹਨਾਂ ਵਾਲਿਆਂ ਨੂੰ ਸੜਕਾਂ ਕੰਢੇ ਸਥਿਤ ਇਮਾਰਤਾਂ ਹੇਠਾਂ ਸ਼ਰਨ ਲੈਣੀ ਪਈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ