ਪਰਵਾਸੀ ਮਜ਼ਦੂਰਾਂ ਦੀ ਅਣਹੋਂਦ ਤੇ ਦੇਸੀ ਲੇਬਰ ਵੱਲੋਂ ਝੋਨੇ ਦੀ ਹੱਥਾਂ ਨਾਲ ਲਵਾਈ ਲਈ ਸੱਤ ਤੋਂ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਮਜ਼ਦੂਰੀ ਮੰਗਣ ਤੋਂ ਪ੍ਰੇਸ਼ਾਨ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਿੱਚ ਜੁੱਟ ਗਏ ਹਨ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪਹਿਲੀ ਜੂਨ ਤੋਂ ਇਜਾਜ਼ਤ ਦੇਣ ਮਗਰੋਂ ਪਿੰਡਾਂ ਵਿੱਚ ਸਿੱਧੀ ਬਿਜਾਈ ਨੇ ਜ਼ੋਰ ਫੜ੍ਹ ਲਿਆ ਹੈ। ਖੇਤੀਬਾੜੀ ਵਿਭਾਗ ਵੱਲੋਂ ਭਾਵੇਂ ਕਿਸਾਨਾਂ ਨੂੰ ਭਾਰੀਆਂ ਅਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਪੂਰੇ ਰਕਬੇ ਦੇ ਪੰਜਵੇਂ ਹਿੱਸੇ ਵਿੱਚ ਸਿੱਧੀ ਬਿਜਾਈ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਪਰ ਬਹੁਤੇ ਕਿਸਾਨ ਸਾਰਾ ਰਕਬਾ ਮਸ਼ੀਨਾਂ ਨਾਲ ਹੀ ਬੀਜਣ ਨੂੰ ਪਹਿਲ ਦੇ ਰਹੇ ਹਨ। ਕਈ ਕਿਸਾਨ ਰਲ ਕੇ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ਮੁੱਲ ਖਰੀਦ ਲਿਆਏ ਹਨ। ਛੋਟੇ ਕਿਸਾਨ ਪੰਦਰਾਂ 1500 ਤੋਂ 1700 ਰੁਪਏ ਪ੍ਰਤੀ ਏਕੜ ਕਿਰਾਏ ’ਤੇ ਝੋਨੇ ਦੀ ਬਿਜਾਈ ਕਰਾ ਰਹੇ ਹਨ। ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਕੰਪਿਊਟਰ ਦੇ ਕਰਾਹੇ ਰਾਹੀਂ ਜ਼ਮੀਨ ਨੂੰ ਇਕਸਾਰ ਕਰਾਊਣ ਵਿੱਚ 600 ਤੋਂ 700 ਰੁਪਏ ਪ੍ਰਤੀ ਘੰਟਾ ਕਿਰਾਇਆ ਦਿੱਤਾ ਜਾ ਰਿਹਾ ਹੈ। ਪਿੰਡ ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਹੁਣ ਤੱਕ 22 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਪਿੰਡ ਦੈੜੀ ਦੇ ਸਮਸ਼ੇਰ ਸਿੰਘ, ਦਰਸ਼ਨ ਸਿੰਘ ਤੇ ਅਮਨਦੀਪ ਸਿੰਘ ਨੇ ਆਪਣੀ ਸਮੁੱਚੀ ਚਾਲੀ ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਦੁਰਾਲੀ ਦੇ ਗੁਰਨਾਮ ਸਿੰਘ ਮਾਨ ਦੇ ਖੇਤਾਂ ਵਿੱਚ ਸਿੱਧੀ ਬਿਜਾਈ ਨਾਲ ਬੀਜਿਆ ਝੋਨਾ ਜੰਮ ਵੀ ਆਇਆ ਹੈ। ਬਠਲਾਣਾ, ਗੁਡਾਣਾ, ਮਾਣਕਪੁਰ ਕੱਲਰ, ਤੰਗੌਰੀ ਸਮੇਤ ਸਮੁੱਚੇ ਪਿੰਡਾਂ ਵਿੱਚ ਸਿੱਧੀ ਬਿਜਾਈ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਜ਼ਿਆਦਾਤਰ ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੀ ਉਡੀਕ ਵਿੱਚ ਝੋਨੇ ਦੀ ਪਨੀਰੀ ਵੀ ਬੀਜੀ ਹੋਈ ਹੈ, ਪਰ ਮਜ਼ਦੂਰ ਨਾ ਆਉਣ ਕਾਰਨ ਇਹ ਕਿਸਾਨ ਵੀ ਹੁਣ ਸਿੱਧੀ ਬਿਜਾਈ ਦੀ ਹੀ ਉਮੀਦ ਰੱਖਣ ਲੱਗੇ ਹਨ।
ਮਸ਼ੀਨਾਂ, ਦਵਾਈਆਂ ਅਤੇ ਬੀਜਾਂ ਦੇ ਭਾਅ ਕੰਟਰੋਲ ਕਰਨ ਦੀ ਮੰਗ
ਕਿਸਾਨਾਂ ਨੇ ਖੇਤੀਬਾੜੀ ਵਿਭਾਗ ਕੋਲੋਂ ਮਸ਼ੀਨਾਂ, ਦਵਾਈਆਂ ਅਤੇ ਬੀਜਾਂ ਦੇ ਭਾਅ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੀ ਜਿਹੜੀ ਮਸ਼ੀਨ ਪਿਛਲੇ ਵਰ੍ਹੇ 40 ਤੋਂ 50 ਹਜ਼ਾਰ ਦੀ ਸੀ ਉਹ ਇਸ ਸਾਲ ਅੱਸੀ ਤੋਂ ਨੱਬੇ ਹਜ਼ਾਰ ਦੀ ਹੋ ਗਈ ਹੈ। ਰੋਟਾਵੇਟਰ ਕੁੱਝ ਵਰ੍ਹੇ ਪਹਿਲਾਂ 35 ਹਜ਼ਾਰ ਦਾ ਸੀ ਤੇ ਹੁਣ ਸਵਾ ਲੱਖ ਦਾ ਹੋ ਗਿਆ ਹੈ। ਨਦੀਨ ਨਾਸ਼ਕ ਦਵਾਈਆਂ ਵੀਹ ਤੋਂ ਤੀਹ ਫ਼ੀਸਦ ਮਹਿੰਗੀਆਂ ਹੋ ਗਈਆਂ ਹਨ। ਝੋਨੇ ਦੇ ਬੀਜ ਮਹਿੰਗੇ ਮਿਲ ਰਹੇ ਹਨ। ਉਨ੍ਹਾਂ ਅਜਿਹੇ ਵਰਤਾਰੇ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune