ਨਰਮੇ ਦੀ ਫਸਲ ’ਤੇ ਜੂੰ ਅਤੇ ਤੇਲੇ ਦਾ ਹਮਲਾ ਸ਼ੁਰੂ

August 06 2019

ਇਲਾਕਾ ਝੁਨੀਰ ਦੇ ਪਿੰਡ ਕੋਟਧਰਮੂ ਅਤੇ ਆਸਪਾਸ ਦੇ ਦੋ ਦਰਜਨ ਤੋਂ ਵਧੀਕ ਪਿੰਡਾਂ ਵਿੱਚ ਲਗਾਤਾਰ ਕਈ ਦਿਨ ਮੀਂਹ ਤੇ ਗੜਿਆਂ ਕਾਰਨ ਸਿੱਲ ਰਹਿਣ ਕਾਰਨ ਨਰਮੇ ਦੀ ਫ਼ਸਲ ਦੇ ਭੁਰੇ ਰੰਗ ਦੀ ਜੂੰ, ਚਿੱਟੇ ਅਤੇ ਹਰੇ ਮੱਛਰ (ਤੇਲਾ) ਦਾ ਪ੍ਰਕੋਪ ਰਹਿਣ ਕਾਰਨ ਅੱਜ ਦਸ ਤੋਂ ਪੰਦਰਾਂ ਫੀਸਦੀ ਨਰਮੇ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ, ਸਤਪਾਲ ਸਿੰਘ, ਸ਼ਿੰਗਾਰਾ ਸਿੰਘ, ਲੀਲਾ ਸਿੰਘ ਭੰਮਾ, ਮਲਕੀਤ ਸਿੰਘ ਭੰਮਾ ਖੁਰਦ ਮੋਤੀ ਸਿੰਘ ਅਤੇ ਬੂਟਾ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਸ ਪੰਦਰਾਂ ਦਿਨਾਂ ਤੋਂ ਹੀ ਇਲਾਕਾ ਝੁਨੀਰ ਦੇ ਪਿੰਡਾਂ ਵਿੱਚ ਬੀਜੀ ਨਰਮੇ ਦੀ ਫ਼ਸਲ ਭੂਰੇ ਰੰਗ ਦੀ ਜੂੰ ਨਾਲ ਹਰੇ ਅਤੇ ਚਿੱਟੇ ਮੱਛਰ (ਤੇਲਾ) ਵੱਲੋਂ ਰੱਸ ਚੂਸਣ ਨਾਲ ਨਰਮੇ ਦਾ ਪੌਦਾ ਸੁੱਕਣ ਲੱਗ ਜਾਂਦਾ ਹੈ ਅਤੇ ਆਖਰ ਵਿੱਚ ਪੌਦਾ ਸੁੱਕ ਕੇ ਡਿੱਗ ਜਾਂਦਾ ਹੈ। ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ ਅਤੇ ਕਿਸਾਨ ਵਫ਼ਦ ਨੇ ਮੰਗ ਕੀਤੀ ਹੈ ਕਿ ਪੰਜਾਬ ਖੇਤੀਬਾੜੀ ਵਿਭਾਗ ਦੇ ਮਾਹਰ ਨਰਮਾ ਬੈਲਟ ਵਿੱਚ ਜਾ ਕੇ ਜਾਗ੍ਰਿਤੀ ਕੈਂਪ ਲਗਵਾ ਕੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀਆਂ ਬਿਮਾਰੀਆਂ ਪ੍ਰਤੀ ਜਾਣਕਾਰੀ ਦੇ ਕੇ ਕਿਸਾਨਾਂ ਨੂੰ ਲੋੜ ਅਨੁਸਾਰ ਕੀਟਨਾਸ਼ਕ 50 ਫ਼ੀਸਦੀ ਉਪਦਾਨ ਤੇ ਸਪਲਾਈ ਕਰੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ