ਡੇਅਰੀ ਵਿਕਾਸ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਵਿਗਿਆਨਿਕ ਲੀਹਾਂ ’ਤੇ ਚਲਾਉਣ ਲਈ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਪਿੰਡ ਬੀਬੀਪੁਰ, ਬਲਾਕ ਸਰਹਿੰਦ ਵਿਚ ਲਗਾਇਆ ਗਿਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਹਰਪਾਲ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ 100 ਦੇ ਕਰੀਬ ਦੁੱਧ ਉਤਪਾਦਕਾਂ ਨੇ ਭਾਗ ਲਿਆ। ਕੈਂਪ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਧੰਦੇ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਚਰਨਜੀਤ ਸਿੰਘ ਨੇ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੁਧਾਰੂ ਪਸ਼ੂਆਂ ਲਈ ਸੰਤੁਲਿਤ ਪਸੂ ਖੁਰਾਕ ਅਤੇ ਦੁੱਧ ਦੇ ਮੰਡੀ ਕਰਨ ਸਬੰਧੀ ਵੀ ਲੋਕਾ ਨੂੰ ਜਾਗਰੂਕ ਕੀਤਾ। ਇਸ ਮਗਰੋਂ ਟੈਕਨੀਕਲ ਅਫ਼ਸਰ ਮਲਕੀਤ ਸਿੰਘ ਬੀਜਾ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਡੇਅਰੀ ਵਿਕਾਸ ਵਿਭਾਗ ਨੇ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 6 ਵਿਚ ਲੈਬ ਇੰਚਾਰਜ ਹਰਵੰਤ ਸਿੰਘ ਦੀ ਅਗਵਾਈ ਹੇਠ ਮੋਬਾਈਲ ਲੈਬਾਟਰੀ ਨਾਲ ਜਾਗਰੂਕਤਾ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਰਮਨਜੀਤ ਕੌਰ ਬਲ ਨੇ ਕੀਤਾ। ਹਰਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਰਾਹੀਂ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਅਤੇ ਇਸ ਵਿੱਚ ਸੰਭਾਵਤ ਮਿਲਾਵਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦੌਰਾਨ ਦੁੱਧ ਦੇ 33 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 22 ਸਹੀ ਪਾਏ ਗਏ, ਜਦਕਿ 11 ਸੈਂਪਲਾਂ ਵਿੱਚ 25 ਫੀਸਦ ਤੱਕ ਪਾਣੀ ਦੀ ਮਿਲਾਵਟ ਪਾਈ ਗਈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ