ਝੋਨੇ ਦੇ ਸੀਜਨ ਚ ਧਰਤੀ ਹੇਠਲੇ ਪਾਣੀ ਦਾ ਲਗਾਤਰ ਡਿੱਗ ਰਿਹਾ ਪੱਧਰ ਚਿੰਤਾ ਦਾ ਵਿਸ਼ਾ: ਖੇਤੀਬਾੜੀ ਅਫ਼ਸਰ

July 06 2019

ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਵਿਨੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਦਾ ਸੀਜਨ ਚੱਲ ਰਿਹਾ ਹੈ ਜਿਸ ਕਰਕੇ ਕਿਸਾਨ ਵੀਰਾਂ ਨੂੰ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਤੇ ਜੋਰ ਦੇਣਾ ਚਾਹੀਦਾ ਹੈ। ਕੁਝ ਕਿਸਾਨਾਂ ਵੱਲੋਂ ਝੋਨੇ ਦੀ ਕਾਸ਼ਤ ਕਰਦੇ ਸਮੇਂ ਪਨੀਰੀ ਲਾਉਣ ਤੋਂ ਝੋਨੇ ਦੀ ਕਟਾਈ ਤੱਕ ਪਾਣੀ ਖੇਤ ਵਿੱਚ ਖੜਾ ਰੱਖਿਆ ਜਾਂਦਾ ਹੈ ਜਿਸ ਨਾਲ ਜਮੀਨਦੋਜ ਪਾਣੀ ਦੀ ਬਰਬਾਦੀ ਹੁੰਦੀ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਨੀਰੀ ਲਾਉਣ ਉਪਰੰਤ ਸਿਰਫ 15 ਦਿਨਾਂ ਤੱਕ ਖੇਤ ਵਿੱਚ ਪਾਣੀ ਲਗਾਤਾਰ ਖੜਾ ਰੱਖਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਖੇਤ ਨੂੰ 2 ਦਿਨਾਂ ਦੇ ਵਕਫੇ ਤੇ ਪਾਣੀ ਲਾਉਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ ਅਤੇ ਫਸਲ ਪੱਕਣ ਤੋਂ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਰਵਾਇਤੀ ਵਿਧੀ ਤੋਂ ਇਲਾਵਾ ਪਾਣੀ ਦੀ ਬੱਚਤ ਕਰਨ ਲਈ ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਲੁਆਈ ਬੈੱਡਾਂ ਉੱਤੇ ਵੀ ਕੀਤੀ ਜਾ ਸਕਦੀ ਹੈ।

ਖੇਤ ਨੂੰ ਬਿਨਾਂ ਕੱਦੂ ਕੀਤੇ ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਬੈੱਡ ਤਿਆਰ ਕਰਕੇ ਬੈੱਡਾਂ ਦੀਆਂ ਖਾਲ਼ੀਆਂ ਨੂੰ ਪਾਣੀ ਨਾਲ ਭਰਕੇ ਤੁਰੰਤ ਬਾਅਦ ਬੈੱਡਾਂ ਦੀਆਂ ਢਲਾਨਾਂ ਦੇ ਅੱਧ ਵਿਚਕਾਰ 9 ਸੈਂਟੀਮੀਟਰ ਦੇ ਫ਼ਾਸਲੇ ਤੇ ਝੋਨੇ ਦੇ ਬੂਟੇ ਲਾਓ ਤਾਂ ਜੋ ਬੂਟਿਆਂ ਦੀ ਗਿਣਤੀ 33 ਬੂਟੇ ਪ੍ਰਤੀ ਵਰਗਮੀਟਰ ਰਹੇ। ਲੁਆਈ ਤੋਂ ਪਹਿਲੇ ਪੰਦਰਾਂ ਦਿਨਾਂ ਦੌਰਾਨ 24 ਘੰਟੇ ਵਿਚ ਇਕ ਵਾਰ ਪਾਣੀ ਬੈੱਡਾਂ ਉੱਤੋਂ ਦੀ ਲੰਘਾ ਦਿਓ। ਇਸ ਤੋਂ ਬਾਅਦ ਪਾਣੀ ਕੇਵਲ ਖਾਲ਼ੀਆਂ ਵਿਚ ਹੀ ਪਹਿਲੇ ਪਾਣੀ ਦੇ ਜੀਰਨ ਤੋਂ 2 ਦਿਨ ਬਾਅਦ ਲਾਓ। ਇਸ ਵਿਧੀ ਨਾਲ ਵੀ ਤਕਰੀਬਨ 25 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।

ਖੇਤੀਬਾੜੀ ਅਫਸਰ ਡਾ: ਰਣਜੋਤ ਸਿੰਘ ਸੰਧੂ ਵੱਲੋਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਫਸਲ ਦੀ ਸਿੰਚਾਈ ਕਰਨ ਲਈ ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਕਿਉਂਕਿ ਇਸ ਤਕਨੀਕ ਦੀ ਵਰਤੋਂ ਕਰਨ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਖੇਤ ਵਿੱਚ ਨਦੀਨ ਵੀ ਘੱਟ ਉੱਗਦੇ ਹਨ। ਖੇਤੀਬਾੜੀ ਵਿਕਾਸ ਅਫਸਰ ਡਾ: ਪਰਜੀਤ ਸਿੰਘ ਔਲਖ ਨੇ ਕਿਹਾ ਕਿ ਜੇਕਰ ਖੇਤੀ ਅਤੇ ਘਰੇਲੂ ਜਰੂਰਤਾਂ ਲਈ ਪਾਣੀ ਦੀ ਬੇਲੋੜੀ ਵਰਤੋਂ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਇਸਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ। ਸ਼ਹਿਰੀ ਖੇਤਰ ਵਿੱਚ ਵੀ ਪਾਣੀ ਦੀ ਬੱਚਤ ਤੇ ਧਿਆਨ ਦੇਣ ਦੀ ਲੋੜ ਹੈ।

ਘਰਾਂ ਅਤੇ ਪਾਰਕਾਂ ਵਿੱਚ ਘਾਹ ਦੇ ਲਾਉਣ ਅਤੇ ਪੌਦਿਆਂ ਨੂੰ ਸ਼ਾਮ ਦੇ ਸਮੇਂ ਹੀ ਪਾਣੀ ਦੇਣਾ ਚਾਹੀਦਾ ਹੈ ਅਤੇ ਪਾਣੀ ਦੇ ਆਰ.ਓ ਫਿਲਟਰ ਆਦਿ ਤੋਂ ਨਿਕਲੇ ਵੇਸਟ ਪਾਣੀ ਨੂੰ ਵੀ ਪੌਦਿਆਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਮੁੱਖ ਖੇਤੀਬਾੜੀ ਅਫਸਰ ਵੱਲੋਂ ਸਮੂਹ ਜਿਲ੍ਹਾ ਵਸਨੀਕਾਂ ਨੂੰ ਦੱਸਿਆ ਕਿ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਸਮੂਹਿਕ ਤੌਰ ਤੇ ਉਪਰਾਲੇ ਕੀਤੇ ਜਾਣ ਅਤੇ ਇਸ ਬਰਸਾਤੀ ਸੀਜਨ ਦੌਰਾਨ ਸੜਕਾਂ, ਖੇਤਾਂ, ਟਿਊਬਵੈਲਾਂ, ਪਹਿਆਂ ਆਦਿ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਮੌਕੇ ਡਾ: ਮਸਤਿੰਦਰ ਸਿੰਘ ਖੇਤੀਬਾੜੀ ਅਫਸਰ, ਡਾ: ਸੁਖਮਿੰਦਰ ਸਿੰਘ ਉੱਪਲ, ਡਾ: ਬਲਵਿੰਦਰ ਸਿੰਘ ਛੀਨਾਂ, ਡਾ: ਸੁਖਚੈਨ ਸਿੰਘ ਗੰਡੀਵਿੰਡ (ਸਾਰੇ ਏ.ਡੀ.ਉ) ਵੀ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ