ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਬੇਸ਼ੱਕ ਹੁਣ ਤਕ 7.5 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ ਪਰ ਹੁਣ ਬਾਸਮਤੀ ਝੋਨੇ ਦੀ ਸਿੱਧੀ ਬਿਜਾਈ ਆਰੰਭ ਹੋਣ ਨਾਲ ਇਹ ਰਕਬਾ 9 ਲੱਖ ਹੈਕਟੇਅਰ ਨੇੜੇ ਪੁੱਜ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿਚ ਲਗਪਗ 27 ਲੱਖ ਹੈਕਟੇਅਰ ਚ ਝੋਨੇ ਦੀ ਬਿਜਾਈ ਹੁੰਦੀ ਹੈ।
ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਵੀ ਮੰਨਿਆ ਕਿ ਕਿਸਾਨਾਂ ਨੇ ਸਿੱਧੀ ਬਿਜਾਈ ਚ ਆਸ ਤੋਂ ਵੱਧ ਦਿਲਚਸਪੀ ਵਿਖਾਈ ਹੈ। ਆਉਣ ਵਾਲੇ ਸਾਲਾਂ ਚ ਕਿਸਾਨ ਖੇਤਾਂ ਵਿਚ ਪਾਣੀ ਖੜਾ ਕਰ ਕੇ ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਛੱਡ ਜਾਣਗੇ। ਮਾਲਵੇ ਦੇ ਕਈ ਇਲਾਕਿਆਂ ਦੇ ਕਿਸਾਨਾਂ ਨਾਲ ਫ਼ੋਨ ਤੇ ਗੱਲ ਹੋਈ ਤਾਂ ਉਨ੍ਹਾਂ ਪੂਰੇ ਉਤਸ਼ਾਹ ਨਾਲ ਕਿਹਾ ਕਿ ਸਿੱਧੀ ਬਿਜਾਈ ਪੂਰੀ ਤਰ੍ਹਾਂ ਸਫ਼ਲ ਹੈ। ਕਈਆਂ ਦਾ ਕਹਿਣਾ ਸੀ ਕਿ ਖੇਤ ਨੂੰ ਰੌਂਣੀ ਕਰ ਕੇ (ਪਾਣੀ ਲਗਾ ਕੇ) ਝੋਨੇ ਦੀ ਸਿੱਧੀ ਬਿਜਾਈ ਜ਼ਿਆਦਾ ਸਫ਼ਲ ਹੈ। ਇਸ ਨਾਲ ਪਾਣੀ ਦੀ ਜ਼ਿਆਦਾ ਬਚਤ ਹੁੰਦੀ ਹੈ।
ਰੌਣੀ ਕਰ ਕੇ ਬੀਜੇ ਝੋਨੇ ਨੂੰ ਤਿੰਨ ਹਫ਼ਤਿਆਂ ਬਾਅਦ ਪਾਣੀ ਲਗਾਉਣਾ ਹੈ ਜਦਕਿ ਸੁੱਕੇ ਖੇਤ ਚ ਬਿਜਾਈ ਕਰ ਕੇ ਬਾਅਦ ਚ ਪਾਣੀ ਲਗਾਉਣ ਵਾਲੇ ਝੋਨੇ ਨੂੰ ਹਰ 5ਵੇਂ ਜਾਂ 7ਵੇਂ ਦਿਨ ਪਾਣੀ ਦੇਣਾ ਪੈਂਦਾ ਹੈ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਰੌਣੀ ਕਰ ਕੇ ਬੀਜੇ ਝੋਨੇ ਚ ਨਦੀਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ ਜਦਕਿ ਸੁੱਕੇ ਖੇਤ ਚ ਬੀਜੇ ਝੋਨੇ ਚ ਦਵਾਈ ਦੇ ਛਿੜਕਾ ਦੇ ਬਾਵਜੂਦ ਕੁੱਝ ਖੇਤਾਂ ਚ ਨਦੀਨ ਦੀ ਸਮੱਸਿਆ ਵੇਖੀ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪਿੰਡਾਂ ਚ ਸਿੱਧਾ ਝੋਨਾ ਬੀਜਣ ਦਾ ਨਾਮ ਨਹੀਂ ਸੁਣਿਆ ਸੀ, ਉਨ੍ਹਾਂ ਪਿੰਡਾਂ ਵਿਚ ਹਰ ਵੱਡੇ ਕਿਸਾਨ ਨੇ 10 ਤੋਂ 20 ਏਕੜ ਤਕ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਝੋਨੇ ਕਿਸਾਨਾਂ ਨੇ ਵੀ 2 ਤੋਂ 5 ਏਕੜ ਤਕ ਸਿੱਧੀ ਬਿਜਾਈ ਕੀਤੀ। ਕਿਸਾਨਾਂ ਦਾ ਵੀ ਮੰਨਣਾ ਹੈ ਕਿ ਅਗਲੇ ਸਾਲ ਤੋਂ ਕਿਸਾਨ ਸਿੱਧੀ ਬਿਜਾਈ ਨੂੰ ਜ਼ਿਆਦਾ ਅਪਣਾਉਣਗੇ। ਇਸ ਸਾਲ 7 ਹਜ਼ਾਰ ਰੁਪਏ ਪ੍ਰਤੀ ਏਕੜ ਪਿਛੇ ਕਿਸਾਨ ਨੂੰ ਸਿੱਧੀ ਬਚਤ ਹੈ। ਪਨੀਰੀ ਲਗਾਉਣ ਵਾਲੇ ਖੇਤ ਚ 4 ਤੋਂ 6 ਇੰਚ ਤਕ ਪਾਣੀ ਖੜ੍ਹਾ ਕਰਨਾ ਪੈਂਦਾ ਹੈ। ਇੰਨਾ ਪਾਣੀ ਖੜ੍ਹਾ ਕਰਦੇ ਸਮੇਂ ਇੰਨਾ ਹੀ ਪਾਣੀ ਗਰਮੀ ਕਾਰਨ ਹਵਾ ਚ ਚਲਾ ਜਾਂਦਾ ਹੈ ਅਤੇ ਕੁੱਝ ਧਰਤੀ ਚ।
ਕਾਹਨ ਸਿੰਘ ਪੰਨੂੰ ਨੇ ਦਸਿਆ ਕਿ ਹਰ ਸਾਲ ਝੋਨੇ ਦੀ ਲੁਆਈ ਸਮੇਂ 2100 ਤੋਂ 2500 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰ ਪੰਜਾਬ ਤੋਂ ਬਾਹਰ ਲਿਜਾਂਦੇ ਹਨ। ਸਿੱਧੀ ਬਿਜਾਈ ਨਾਲ ਇਹ ਰਕਮ ਵੀ ਪੰਜਾਬ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਪਾਸ ਜਾਵੇਗੀ। ਵੱਖ-ਵੱਖ ਕਿਸਾਨਾਂ ਨਾਲ ਫ਼ੋਨ ਤੇ ਹੋਈ ਗੱਲ ਤੋਂ ਇਹ ਵੀ ਜਾਣਕਾਰੀ ਮਿਲੀ ਕਿ ਮਜ਼ਦੂਰਾਂ ਅਤੇ ਕਿਸਾਨਾਂ ਚ ਹੁਣ ਕਿਤੇ ਵੀ ਖ਼ਾਸ ਤਣਾਅ ਨਹੀਂ ਵੇਖਿਆ ਗਿਆ।
ਝੋਨੇ ਦੀ ਲੁਆਈ ਦਾ ਭਾਅ ਵੀ ਤਿੰਨ ਹਜ਼ਾਰ ਤੋਂ ਪੈਂਤ ਸੌ ਰੁਪਏ ਤਕ ਆ ਗਿਆ ਹੈ। ਸ਼ੁਰੂ ਚ ਸਥਾਨਕ ਮਜ਼ਦੂਰਾਂ ਵਲੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਮੰਗੇ ਗਏ ਪਰ ਦੋ ਤਿੰਨ ਦਿਨਾਂ ਚ ਇਹ ਭਾਅ ਹੇਠਾਂ ਆ ਗਿਆ। ਇਸ ਦਾ ਮੁੱਖ ਕਾਰਨ, ਇਹ ਤਾਂ ਝੋਨੇ ਦੀ 35 ਫ਼ੀ ਸਦੀ ਸਿੱਧੀ ਬਿਜਾਈ ਹੋਣਾ ਅਤੇ ਦੂਜਾ ਮਨਰੇਗਾ ਨਾਲ ਸਬੰਧਤ ਸਾਰੇ ਮਜ਼ਦੂਰ ਵੀ ਝੋਨੇ ਦੀ ਲੁਆਈ ਵਲ ਆ ਗਏ। ਝੋਨੇ ਦੀ ਲੁਆਈ ਚ 6 ਤੋਂ 7 ਸੌ ਰੁਪਏ ਪ੍ਰਤੀ ਮਜ਼ਦੂਰ ਨੂੰ ਦਿਹਾੜੀ ਮਿਲਦੀ ਹੈ ਅਤੇ ਤਿੰਨ ਸਮੇਂ ਚਾਹ ਅਤੇ ਖਾਣਾ ਵੀ ਮਿਲਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Rozana Spokesman