ਝੋਨਾ ਛੱਡ ਕੇ ਮੱਕੀ ਦੀ ਬਿਜਾਈ ਕਰਨ ਕਿਸਾਨ : ਡਾ. ਮਹੇ

August 03 2019

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਫਗਵਾੜਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਦੇ ਹੁਕਮਾਂ ਅਤੇ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਦੀ ਅਗਵਾਈ ਹੇਠ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਜਲ ਸ਼ਕਤੀ ਅਭਿਆਨ ਅਧੀਨ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿਚ ਕਿਸਾਨਾਂ ਨੂੰ ਸਬੋਧਨ ਕਰਦਿਆਂ ਡਾ.ਪਰਮਜੀਤ ਸਿੰਘ ਮਹੇ ਖੇਤੀਬਾੜੀ ਵਿਕਾਸ ਅਫਸਰ ਫਗਵਾੜਾ ਨੇ ਕਿਹਾ ਕਿ ਪਾਣੀ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ ਇਸ ਕਰਕੇ ਸਾਨੂੰ ਵਿਗਿਆਨਕ ਵਿਧੀਆਂ ਆਪਣਾ ਕੇ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਦਿਆਂ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ 254 ਜ਼ਿਲ੍ਹੇ ਸਾਰੇ ਭਾਰਤ ਵਿਚੋਂ ਚੁਣੇ ਗਏ ਹਨ ਜਿਨ੍ਹਾਂ ਵਿਚ ਪਾਣੀ ਦੀ ਸਮੱਸਿਆਂ ਗੰਭੀਰ ਹੈ। ਇਨ੍ਹਾਂ 254 ਜ਼ਿਲਿਆਂ ਵਿਚੋ ਕਪੂਰਥਲਾ ਜ਼ਿਲ੍ਹਾ ਵੀ ਸ਼ਾਮਲ ਹੈ ਉਨ੍ਹਾਂ ਨੇ ਪਾਣੀ ਬਚਾਉਣ ਦੇ ਘਰੇਲੂ ਨੁਸਕੇ ਸਾਂਝੇ ਕੀਤੇ। ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਬਿਜਾਈ ਡੀਐਸਆਰ ਵਿਧੀ ਨਾਲ ਕੀਤੀ ਹੈ ਉਨ੍ਹਾਂ ਦੇ ਪਾਣੀ ਦੀ 30 ਫ਼ੀਸਦੀ ਬਚਤ ਕੀਤੀ ਹੈ। ਬਾਸਮਤੀ ਤੇ ਮੱਕੀ ਦੀ ਬਿਜਾਈ ਕਰਕੇ 30 ਤੋਂ 40 ਫ਼ੀਸਦੀ ਪਾਣੀ ਦੀ ਬਚਤ ਹੋ ਜਾਂਦੀ ਹੈ। ਜਿਨ੍ਹਾਂ ਕਿਸਾਨਾਂ ਨੇ ਬਾਸਮਤੀ ਦੀ ਕਾਸ਼ਤ ਕਰ ਲਈ ਹੈ ਉਹ ਕਿਸਾਨ 9 ਪਾਬੰਦੀਸ਼ੁਦਾ ਪੈਸਟੀਸਾਈਡ ਦੀ ਵਰਤੋਂ ਨਾ ਕਰਨ ਸਗੋ ਇਨ੍ਹਾਂ ਬਦਲ ਖੇਤੀਬਾੜੀ ਵਿਭਾਗ ਤੋਂ ਪੁਛ ਕੇ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਸਮਤੀ ਦੀ ਰਜਿਸਟ੍ਰੇਸ਼ਨ ਦਾ ਕੰਮ ਦਫਤਰ ਵਿਖੇ ਚੱਲ ਰਿਹਾ ਹੈ। ਕਿਸਾਨ ਆਪਣਾ ਅਧਾਰ ਕਾਰਡ ਦਾ ਵੇਰਵਾ ਦੇ ਕੇ ਰਜਿਸਟਰ ਹੋ ਸਕਦੇ ਹਨ। ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਕਿਸਾਨ ਗਰੁੱਪ ਬਣਾ ਕੇ ਪਰਾਲੀ ਨੂੰ ਸੰਭਾਲਣ ਵਾਲੀ ਮਸ਼ੀਨਰੀ ਲਈ 80 ਫ਼ੀਸਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਇਹ ਮਸ਼ੀਨ ਮਹਿੰਗੀ ਹੋਣ ਦੇ ਕਾਰਨ ਕਿਸਾਨਾਂ ਨੂੰ ਇਹ ਮਸ਼ੀਨ ਗਰੁੱਪ ਬਣਾ ਕੇ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਮਿੱਟੀ ਤੇ ਪਾਣੀ ਸੰਭਾਲ ਵਿਭਾਗ ਵਲੋਂ ਚਲਾਈਆਂ ਸਕੀਮਾਂ ਤੇ ਨੁਕਤੇ ਸਾਂਝੇ ਕੀਤੇ। ਕੈਂਪ ਨੂੰ ਕਾਮਯਾਬ ਕਰਨ ਵਿਚ ਧਰਮਵੀਰ, ਵਿਕਾਸ ਭਾਟੀਆ, ਸੁਖਵਿੰਦਰ ਸਿੰਘ, ਰੋਸ਼ਨ ਲਾਲ ਨੇ ਖਾਸ ਭੂਮਿਕਾ ਨਿਭਾਈ ਕਿਸਾਨਾਂ ਵਿਚ ਗੁਰਪ੍ਰਰੀਤ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਸਰਪੰਚ, ਰਣਜੀਤ ਸਿੰਘ ਖੇੜਾ, ਪੰਮਾ ਖੇੜਾ, ਭੁਪਿੰਦਰ ਸਿੰਘ, ਜ਼ਸਵੰਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ