ਚੰਡੀਗੜ੍ਹ ਚੋਈ ’ਚ ਪਾਣੀ ਆਉਣ ਨਾਲ ਕਿਸਾਨ ਬਾਗੋਬਾਗ

July 05 2019

ਚੰਡੀਗੜ੍ਹ-ਮੁਹਾਲੀ ਖੇਤਰ ਵਿੱਚ ਅੱਜ ਹੋਈ ਭਰਵੀਂ ਬਾਰਸ਼ ਮਗਰੋਂ ਚੰਡੀਗੜ੍ਹ ਤੋਂ ਆਉਂਦੀ ਚੋਈ ਵਿੱਚ ਪਾਣੀ ਆਉਣ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਇਸ ਚੋਈ ਦੇ ਪਾਣੀ ਉੱਤੇ ਬਨੂੜ ਖੇਤਰ ਦੇ ਦਰਜਨ ਤੋਂ ਵੱਧ ਪਿੰਡਾਂ ਦੀਆਂ ਫ਼ਸਲਾਂ ਨਿਰਭਰ ਕਰਦੀਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਚੋਈ ਵਿੱਚ ਪਾਣੀ ਨਾ ਆਉਣ ਕਾਰਨ ਚੋਈ ਸੁੱਕੀ ਪਈ ਸੀ। ਇਸ ਨਾਲ ਜਿਥੇ ਝੋਨਾ ਸੁੱਕਣਾ ਆਰੰਭ ਹੋ ਗਿਆ ਸੀ ਉੱਥੇ ਕਿਸਾਨਾਂ ਨੂੰ ਝੋਨੇ ਦੀਆਂ ਪਨੀਰੀਆਂ ਸੁੱਕਣ ਤੋਂ ਬਚਾਉਣ ਲਈ ਟੈਂਕਰਾਂ ਰਾਹੀਂ ਪਾਣੀ ਪਾਉਣਾ ਪੈ ਰਿਹਾ ਸੀ। ਪਿੰਡ ਨੰਡਿਆਲੀ ਦੇ ਕਿਸਾਨ ਗੁਰਮੀਤ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਚੰਡੀਗੜ੍ਹ ਖੇਤਰ ਵਿੱਚ ਸਵੇਰ ਸਮੇਂ ਹੋਈ ਬਾਰਸ਼ ਦਾ ਪਾਣੀ ਦੁਪਹਿਰ ਵੇਲੇ ਇਥੇ ਪਹੁੰਚ ਗਿਆ ਸੀ। ਉਨ੍ਹਾਂ ਦੱਸਿਆ ਕਿ ਚੋਈ ਭਰ ਗਈ ਹੈ ਤੇ ਇਹ ਪਾਣੀ ਰਾਜਪੁਰਾ ਦੇ ਪਿੰਡਾਂ ਤੱਕ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਚੋਈ ਵਿੱਚ ਪਾਣੀ ਆਉਂਦਿਆਂ ਹੀ ਕਿਸਾਨਾਂ ਨੇ ਇੰਜਣਾਂ ਅਤੇ ਮੋਟਰਾਂ ਰਾਹੀਂ ਪਾਣੀ ਚੁੱਕਣਾ ਆਰੰਭ ਕਰ ਦਿੱਤਾ ਤੇ ਇਸ ਨਾਲ ਪਹਿਲਾਂ ਲਗਾਏ ਹੋਏ ਝੋਨੇ ਅਤੇ ਨਵੇਂ ਲਗਾਏ ਜਾਣ ਵਾਲੇ ਝੋਨੇ ਲਈ ਪਾਣੀ ਪੂਰਾ ਹੋ ਜਾਵੇਗਾ।

ਉੱਧਰ ਬਨੂੜ ਦੇ ਸਮੁੱਚੇ ਖੇਤਰ ਵਿੱਚ ਭਾਵੇਂ ਅੱਜ ਦੁਪਹਿਰ ਤੱਕ ਬੱਦਲਵਾਈ ਰਹੀ ਅਤੇ ਇੱਕ ਦੋ ਵਾਰ ਬੂੰਦਾਂ ਵੀ ਪਈਆਂ ਪਰ ਮੀਂਹ ਨਹੀਂ ਪਿਆ ਤੇ ਬਾਦ ਦੁਪਹਿਰ ਮੌਸਮ ਸਾਫ਼ ਹੋ ਗਿਆ। ਬਾਰਸ਼ ਨਾ ਪੈਣ ਕਾਰਨ ਕਿਸਾਨਾਂ ਦੇ ਝੋਨੇ ਦੀ ਲਵਾਈ ਲੇਟ ਹੋ ਰਹੀ ਹੈ ਅਤੇ ਮੱਕੀ, ਚਰ੍ਹੀ, ਬਾਜਰਾ ਆਦਿ ਦੀ ਸਮੁੱਚੀ ਬਿਜਾਈ ਕਰਨ ਲਈ ਵੀ ਕਿਸਾਨ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਪੰਜਾਬ ਵਿੱਚ ਮੌਨਸੂਨ ਦਸਤਕ ਦੇ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ