ਗੰਨੇ ਦੇ ਬਾਕਾਇਆ ਭੁਗਤਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਥੱਲੇ ਬਨੌਂਦੀ ਖੰਡ ਮਿੱਲ ਦੇ ਪ੍ਰਸ਼ਾਸਨਿਕ ਗੇਟ ਦੇ ਲਾਗੇ ਲਗਾਤਾਰ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ। ਕਿਸਾਨਾਂ ਨੇ ਮਿੱਲ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਸ਼ਾਸਨ ਅਤੇ ਮਿੱਲ ਦੇ ਅਧਿਕਾਰੀਆਂ ਤੇ ਕਿਸਾਨ ਅੰਦੋਲਨ ਦੀ ਅਣਦੇਖੀ ਕਰਨ ਦਾ ਦੋਸ਼ ਵੀ ਲਾਇਆ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਰਤਨ ਮਾਨ ਨੇ ਦੱਸਿਆ ਕਿ ਖੰਡ ਮਿੱਲ ਦੇ ਪ੍ਰਬੰਧਕਾਂ ਵੱਲੋਂ ਚਾਲੂ ਗੰਨਾ ਪਿੜਾਈ ਸੀਜ਼ਨ ਦਾ ਕਰੋੜਾਂ ਰੁਪਏ ਦੀ ਬਾਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੱਲ ਹੋਲੀ ਦੇ ਮੌਕੇ ਤੇ ਵੀ ਉਨ੍ਹਾਂ ਦਾ ਧਰਨਾ ਬਾਦਸਤੂਰ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਮਿੱਲ ਮਾਲਕਾਂ ਵੱਲੋਂ ਬਾਕਾਇਆ ਭੁਗਤਾਨ ਦੇ ਮਾਮਲੇ ਵਿਚ ਠੋਸ ਕਾਰਵਾਈ ਨਾ ਕਰਨ ਕਰਕੇ ਕਿਸਾਨਾਂ ਵਿਚ ਰੋਸ ਫੈਲਣ ਲੱਗ ਪਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਸਖ਼ਤ ਰੁਖ਼ ਅਖਤਿਆਰ ਕਰ ਸਕਦਾ ਹੈ। ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਧਰਨਾ ਕਨਵੀਨਰ ਜਸਵਿੰਦਰ ਸਿੰਘ ਬਖ਼ਤੂਆ ਅਤੇ ਭਾਕਿਯੂ ਦੇ ਅੰਬਾਲਾ ਡਿਵੀਜਨ ਦੇ ਪ੍ਰਧਾਨ ਰਣਪਤ ਰਾਣਾ ਨੇ ਧਰਨੇ ਤੇ ਮੌਜੂਦ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮਿੱਲ ਪ੍ਰਸ਼ਾਸਨ ਉਨ੍ਹਾਂ ਦੇ ਅੰਦੋਲਨ ਨੂੰ ਹਲਕੇ ਵਿਚ ਲੈ ਕੇ ਅਣਦੇਖੀ ਕਰ ਰਿਹਾ ਹੈ ਅਤੇ ਬਕਾਏ ਦਾ ਭੁਗਤਾਨ ਨਾ ਹੋਣ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮਾੜੀ ਹੋਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਜੇ ਮਿੱਲ ਪ੍ਰਸ਼ਾਸਨ ਨੇ ਜਲਦੀ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਗੰਭੀਰ ਨਤੀਜੇ ਨਿਕਲਣਗੇ। ਕਿਸਾਨ ਆਗੂ ਬਖ਼ਤੂਆ ਨੇ ਕਿਹਾ ਕਿ ਜਦੋਂ ਤੱਕ ਗੰਨੇ ਦਾ ਇਕ ਇਕ ਪੈਸਾ ਨਹੀਂ ਮਿਲਦਾ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਤੇ ਧਰਨਾ ਕਨਵੀਨਰ ਜਸਵਿੰਦਰ ਸਿੰਘ ਬਖ਼ਤੂਆ, ਰਣਪਤ ਰਾਣਾ, ਪੰਚਕੂਲਾ ਜ਼ਿਲ੍ਹਾ ਪ੍ਰਧਾਨ ਗੋਪਾਲ ਰਾਣਾ, ਮੇਮ ਸਿੰਘ ਬਖ਼ਤੂਆ, ਜਗਬੀਰ ਸਿੰਘ ਤੰਦਵਾਲ, ਤਰਸੇਮ ਤੰਦਵਾਲ, ਨਰਮੇਲ ਸਿੰਘ, ਸੰਜੀਵ ਧਰਾਨਾ, ਬ੍ਰਿਜਪਾਲ ਸਿੰਘ, ਧਰਮਪਾਲ ਸ਼ਾਹਜ਼ਾਦਪੁਰ ਅਤੇ ਹੋਰ ਕਿਸਾਨ ਮੌਜੂਦ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ