ਖੇਤੀਬਾੜੀ ਲਈ ਇੱਕ ਲੱਖ ਕਰੋੜ ਰੁਪਏ ਦਾ ਫੰਡ

July 09 2020

ਕੇਂਦਰ ਸਰਕਾਰ ਨੇ ਖੇਤੀਬਾੜੀ ਢਾਂਚੇ ਦੀ ਉਸਾਰੀ ਲਈ ਇੱਕ ਲੱਖ ਕਰੋੜ ਰੁਪਏ ਦਾ ਫੰਡ ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਫੰਡ ਦੀ ਵਰਤੋਂ ਖੇਤੀਬਾੜੀ ਖੇਤਰ ਵਿਚ ਨਵੇਂ ਉੱਦਮ ਲਾਉਣ ਵਾਲਿਆਂ ਨੂੰ ਮਦਦ ਦੇਣ, ਖੇਤੀ ਤਕਨੀਕਾਂ ਵਿਕਸਤ ਕਰਨ ’ਚ ਜੁਟੇ ਉੱਦਮੀਆਂ ਜਾਂ ਫਰਮਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ।

ਬੁਨਿਆਦੀ ਢਾਂਚਾ ਵਿਕਸਿਤ ਕਰਨ ਤੇ ਹੋਰ ਸਮਗੱਰੀ ਖ਼ਰੀਦਣ ਲਈ ਵੀ ਇਸ ਫੰਡ ਵਿਚੋਂ ਕਿਸਾਨ ਸਮੂਹਾਂ ਨੂੰ ਮਦਦ ਦਿੱਤੀ ਜਾਵੇਗੀ। ਇਹ ਫੰਡ ਕੋਵਿਡ-19 ਸੰਕਟ ਲਈ ਐਲਾਨੇ ਗਏ 20 ਲੱਖ ਕਰੋੜ ਦੇ ਪੈਕੇਜ ਦਾ ਹੀ ਹਿੱਸਾ ਹੈ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਫੰਡ 2029 ਤੱਕ ਕਾਇਮ ਕੀਤਾ ਗਿਆ ਹੈ। ਇਸ ’ਚੋਂ ਦਰਮਿਆਨੇ ਤੋਂ ਲੰਮੇ ਸਮੇਂ ਦੇ ਨਿਵੇਸ਼ ਲਈ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ।

ਵਾਢੀ ਮਗਰੋਂ ਫ਼ਸਲ ਸਾਂਭਣ ਲਈ ਢਾਂਚਾ ਉਸਾਰਨ, ਸਾਂਝੀ ਸਮੱਗਰੀ (ਕਮਿਊਨਿਟੀ ਫਾਰਮਿੰਗ) ਖ਼ਰੀਦਣ ਲਈ ਵਿਆਜ ’ਚ ਛੋਟ ਦੇ ਕੇ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਪੈਸਾ ਬੈਂਕਾਂ ਤੇ ਵਿੱਤੀ ਸੰਸਥਾਵਾਂ ਵੱਲੋਂ ਵੰਡਿਆ ਜਾਵੇਗਾ। 10 ਹਜ਼ਾਰ ਕਰੋੜ ਰੁਪਏ ਇਸ ਵਿੱਤੀ ਵਰ੍ਹੇ ਤੇ 30-30 ਹਜ਼ਾਰ ਕਰੋੜ ਰੁਪਏ ਅਗਲੇ ਤਿੰਨ ਸਾਲਾਂ ਦੌਰਾਨ ਦਿੱਤੇ ਜਾਣਗੇ।

ਕੋਲਡ ਸਟੋਰ, ਗੁਦਾਮ, ਪੈਕੇਜਿੰਗ ਇਕਾਈਆਂ, ਈ-ਮਾਰਕੀਟਿੰਗ ਤੇ ਟਰੇਡਿੰਗ ਲਈ ਵੀ ਰਾਸ਼ੀ ਦਿੱਤੀ ਜਾਵੇਗੀ। ਕੈਬਨਿਟ ਨੇ ਤਿੰਨ ਸਰਕਾਰੀ ਜਨਰਲ ਬੀਮਾ ਕੰਪਨੀਆਂ ’ਚ 12,450 ਕਰੋੜ ਰੁਪਏ ਦੀ ਰਾਸ਼ੀ ਨਿਵੇਸ਼ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live