ਖੇਤੀ ਮਾਹਿਰਾਂ ਨੇ ਕਿਸਾਨ ਸਿਖਲਾਈ ਕੈਂਪ ਲਗਾਇਆ

August 09 2019

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪਿੰਡ ਭੋਜੋਵਾਲੀ ਅਤੇ ਭੱਦਲਵੜ ’ਚ ਪਾਣੀ ਅਤੇ ਖੇਤੀ ਰਸਾਇਣਾਂ ਦੀ ਸਕੋਚਕ ਵਰਤੋਂ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੇਂਦਰ ਦੇ ਮੁਖੀ ਡਾ. ਬੂਟਾ ਸਿੰਘ ਰੋਮਾਣਾ ਸੀਨੀਅਰ ਜ਼ਿਲ੍ਹਾ ਪਸਾਰ ਮਾਹਿਰ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ 73 ਫ਼ੀਸਦੀ ਖ਼ਜ਼ਾਨਾ ਖ਼ਤਮ ਹੋ ਚੁੱਕਾ ਹੈ ਅਤੇ ਹਰ ਸਾਲ 50 ਸੈਂਟੀਮੀਟਰ ਤੋਂ ਜ਼ਿਆਦਾ ਪਾਣੀ ਦਾ ਪੱਧਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਸਾਨਾਂ ਨੂੰ ਪਾਣੀ ਬਚਾਉਣ ਸਬੰਧੀ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ ਅਤੇ ਝੋਨੇ ’ਚ ਲਗਾਤਾਰ ਪਾਣੀ ਨਾ ਖੜ੍ਹਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਪਰਖ ਆਧਾਰ ਅਤੇ ਪੱਤਾ ਰੰਗ ਚਾਰਟ ਯੰਤਰ ਦੀ ਵਰਤੋਂ ਨਾਲ ਝੋਨੇ ਅਤੇ ਬਾਸਮਤੀ ਨੂੰ ਯੂਰੀਆ ਪਾਉਣ ਦੀ ਸਲਾਹ ਦਿੰਦਿਆਂ ਇਸ ਦੀ ਸਿਖਲਾਈ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਵਿਚ ਦਾਣੇਦਾਰ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਅਤੇ ਗੋਭ ਅਤੇ ਪੱਤਾ ਲਪੇਟ ਸੁੰਡੀ ਦੇ ਆਉਣ ’ਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਦਵਾਈ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਸਾਨਾਂ ਨੂੰ ਬਾਸਮਤੀ ਵਿਚ ਪੰਜਾਬ ਸਰਕਾਰ ਦੁਆਰਾ ਬੰਦ ਕੀਤੀਆਂ 9 ਕੀੜੇਮਾਰ ਅਤੇ ਉਲੀਨਾਸ਼ਕ ਦਵਾਈਆਂ ਨਾ ਵਰਤਣ ਦੀ ਤਾਕੀਦ ਕੀਤੀ ਅਤੇ ਬਾਸਮਤੀ ਵਾਲੇ ਕਿਸਾਨਾਂ ਦੀ ਆਪਣੇ ਨਾਮ ਖੇਤੀਬਾੜੀ ਵਿਭਾਗ ਕੋਲ ਦਰਜ ਕਰਵਾਉਣ ਲਈ ਕਿਹਾ। ਉਨ੍ਹਾਂ ਕਿਸਾਨਾਂ ਨੂੰ ਘਰ ਦੀ ਲੋੜ ਮੁਤਾਬਿਕ ਸਬਜ਼ੀਆਂ, ਫਲ, ਦਾਲਾਂ ਅਤੇ ਤੇਲ ਬੀਜ ਫ਼ਸਲਾਂ ਆਪਣੇ ਖੇਤ ’ਚ ਹੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਭੱਦਲਵੜ ਨੇ ਆਪਣਾ ਖੇਤੀ ਤਜ਼ਰਬਾ ਸਾਂਝਾ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਸੰਗ ਸਾਂਝ ਪਾਉਣ ਦੀ ਦਲੀਲ ਦਿੱਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ