ਮੌਸਮ ਵਿਭਾਗ ਵੱਲੋਂ 16 ਅਤੇ 17 ਅਪਰੈਲ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦੀਆਂ ਕਿਆਸ ਅਰਾਈਆਂ ਕਾਰਨ ਕਿਸਾਨਾਂ ਵੱਲੋਂ ਕਣਕ ਦੀ ਕੰਬਾਈਨਾਂ ਨਾਲ ਕਰਾਈ ਜਾ ਰਹੀ ਕਟਾਈ ਨੇ ਹੋਰ ਜ਼ਿਆਦਾ ਸਪੀਡਾਂ ਫੜ੍ਹ ਲਈਆਂ ਹਨ। ਕਣਕ ਦੀ ਲਗਾਤਾਰ ਚੱਲ ਰਹੀ ਕਟਾਈ ਕਾਰਨ ਬਨੂੜ ਮੰਡੀ ਵਿੱਚ ਵੀ ਕਣਕ ਦੀ ਆਮਦ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।
ਮੰਡੀ ਦੇ ਸਕੱਤਰ ਉਪਿੰਦਰ ਸਿੰਘ ਕੋਠਾ ਗੁਰੂ ਨੇ ਵੀ ਮੌਸਮ ਦੀ ਵਜ੍ਹਾ ਕਾਰਨ ਕਣਕ ਦੀ ਆਮਦ ਤੇਜ਼ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਆ ਰਹੀ ਕਣਕ ਦੀ ਖਰੀਦ, ਭਰਾਈ ਅਤੇ ਚੁਕਾਈ ਨਾਲੋ-ਨਾਲ ਚੱਲ ਰਹੀ ਹੈ। ਮੰਡੀ ਵਿੱਚ ਕਣਕ ਵੇਚਣ ਆਏ ਕਈਂ ਕਿਸਾਨਾਂ ਨੇ ਦੱਸਿਆ ਕਿ ਮੌਸਮ ਦੇ ਖਰਾਬ ਹੋਣ ਦੀ ਜਾਣਕਾਰੀ ਮਿਲਣ ਕਾਰਨ ਉਹ ਕੰਬਾਈਨਾਂ ਨਾਲ ਫਸਲ ਵਢਾ ਰਹੇ ਹਨ ਅਤੇ ਇਹ ਹੱਥ ਨਾਲ ਵਢਾਉਣ ਤੋਂ ਕਿਫਾਇਤੀ ਵੀ ਰਹਿੰਦੀ ਹੈ। ਇਸੇ ਦੌਰਾਨ ਮੰਡੀਕਰਨ ਬੋਰਡ ਦੇ ਡੀਜੀਐੱਮ ਕੁਲਦੀਪ ਸਿੰਘ ਬਰਾੜ ਨੇ ਬੀਤੀ ਦੇਰ ਰਾਤੀਂ ਬਨੂੜ ਮੰਡੀ ਵਿਚ ਕਣਕ ਦੀ ਖਰੀਦ ਦਾ ਨਿਰੀਖ਼ਣ ਕੀਤਾ। ਉਨ੍ਹਾਂ ਆੜਤੀਆਂ ਦੇ ਕੰਡੇ ਵੀ ਚੈੱਕ ਕੀਤੇ ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ