ਅੱਜ ਸਰਕਾਰੀ ਬੱਕਰੀ ਬ੍ਰੀਡਿੰਗ ਫਾਰਮ, ਕੋਟਕਪੂਰਾ ਵਿਖੇ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਪੰਜ ਦਿਨਾਂ ਟ੍ਰੇਨਿੰਗ 8 ਜੁਲਾਈ ਤੋਂ ਸ਼ੁਰੂ ਹੋ ਕੇ 12 ਜੁਲਾਈ ਨੂੰ ਪੂਰੀ ਹੋਈ। ਇਸ ਟ੍ਰੇਨਿੰਗ ਵਿੱਚ 7 ਜ਼ਿਲ੍ਹਿਆਂ ਚੋਂ ਕੁੱਲ 50 ਸਿੱਖਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਜਸਵਿੰਦਰ ਕੁਮਾਰ ਗਰਗ (ਵੈਟਰੀਨਰੀ ਆਫਿਸਰ ਕਮ ਮੈਨੇਜਰ, ਸਰਕਾਰੀ ਬੱਕਰੀ ਬ੍ਰੀਡਿੰਗ ਫਾਰਮ, ਕੋਟਕਪੂਰਾ) ਅਤੇ ਡਾ. ਕੇਵਲ ਅਰੋੜਾ (ਐਕਸਟੈਂਸ਼ਨ ਆਫਿਸਰ, ਫਰੀਦਕੋਟ) ਨੇ ਸਿੱਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਬੱਕਰੀ ਪਾਲਣ ਦਾ ਕਿੱਤਾ ਪੰਜਾਬ ਵਿੱਚ ਇੱਕ ਕਾਮਯਾਬ ਸਹਾਇਕ ਕਿੱਤੇ ਦੇ ਤੌਰ ਤੇ ਅੱਗੇ ਆ ਰਿਹਾ ਹੈ। ਇਸ ਵਿੱਚ ਘੱਟ ਲਾਗਤ ਨਾਲ ਚੰਗੀ ਕਮਾਈ ਲਈ ਜਾ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਆਉਣ ਵਾਲੇ ਸਮੇਂ ਵਿੱਚ ਬੱਕਰੀ ਪਾਲਣ ਦੀਆਂ ਹੋਰ ਟ੍ਰੇਨਿੰਗਾਂ ਵੀ ਲੱਗਦੀਆਂ ਰਹਿਣਗੀਆਂ ਅਤੇ ਇਨ੍ਹਾਂ ਦੇ ਸ਼ੁਰੂ ਹੋਣ ਦੀ ਮਿਤੀ ਬਾਰੇ ਜਾਣਕਾਰੀ ਵੀ ਸਮੇਂ-ਸਮੇਂ ਤੇ ਮਿਲਦੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਸਲਾਹ ਦਿੰਦੇ ਕਿਹਾ ਕਿ ਪੋਲਟਰੀ, ਪਸ਼ੂ-ਪਾਲਣ ਅਤੇ ਸੂਰ-ਪਾਲਣ ਦੀ ਟ੍ਰੇਨਿੰਗ ਵੀ ਸਮੇਂ-ਸਮੇਂ ਤੇ ਸੰਬੰਧਿਤ ਅਦਾਰਿਆਂ ਵੱਲੋਂ ਲਗਾਈ ਜਾਂਦੀ ਹੈ, ਸਾਨੂੰ ਇਨ੍ਹਾਂ ਦਾ ਲਾਭ ਲੈਣਾ ਚਾਹੀਦਾ ਹੈ।